![](/cmsimages/20250213/4779017__psd new raamanb water-recovered-recovered.jpg)
ਫ਼ਾਜ਼ਿਲਕਾ, 13 ਫ਼ਰਵਰੀ (ਪ੍ਰਦੀਪ ਕੁਮਾਰ)-ਫ਼ਾਜ਼ਿਲਕਾ ਤੋਂ ਪ੍ਰਯਾਗਰਾਜ ਕੁੰਭ ਮੇਲੇ ਵਿਚ ਇਸ਼ਨਾਨ ਕਰਨ ਗਏ ਸ਼ਰਧਾਲੂਆਂ ਦੀ ਗੱਡੀ ਹਾਦਸਾਗ੍ਰਸਤ ਹੋਣ ਦੀ ਖ਼ਬਰ ਹੈ, ਜਿਸ ਵਿਚ ਫ਼ਾਜ਼ਿਲਕਾ ਦੇ 2 ਵਿਅਕਤੀਆਂ ਦੀ ਮੌਤ ਹੋ ਗਈ। ਜਦੋਂਕਿ 9 ਨੂੰ ਗੰਭੀਰ ਅਤੇ 4 ਨੂੰ ਮਾਮੂਲੀ ਸੱਟਾਂ ਲੱਗੀਆਂ ਦੱਸੀਆਂ ਜਾ ਰਹੀਆਂ ਹਨ। ਜਿਵੇਂ ਹੀ ਇਸ ਹਾਦਸੇ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਮਿਲੀ ਤਾਂ ਘਰ ਵਿਚ ਮਾਤਮ ਛਾ ਗਿਆ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਗੱਡੀ ਦੇ ਡਰਾਈਵਰ ਤਰਕਸ਼ੀਲ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੇ ਦੋ ਛੋਟੇ ਬੱਚੇ ਹਨ। ਮਾਤਾ ਦੀ ਮੌਤ ਹੋ ਚੁੱਕੀ ਹੈ। ਜਦੋਂਕਿ ਉਸ ਦਾ ਪਿਤਾ ਅਪਾਹਿਜ ਹੈ। ਦੱਸਿਆ ਜਾ ਰਿਹਾ ਹੈ ਕਿ ਫ਼ਾਜ਼ਿਲਕਾ ਤੋਂ ਇਕ ਟੈਂਪੂ ਟਰੈਵਲ ਗੱਡੀ ਵਿਚ ਸਵਾਰ ਹੋ ਕੇ 15 ਜਣੇ ਮਹਾਕੁੰਭ ਮੇਲੇ ਵਿਚ ਗਏ ਸਨ, ਜਿਸ ਵਿਚ ਬਾਦਲ ਕਾਲੋਨੀ, ਨਹਿਰੂ ਨਗਰ, ਨਵੀਂ ਆਬਾਦੀ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਨਿਵਾਸੀ ਦੱਸੇ ਜਾ ਰਹੇ ਹਨ। ਜਿਥੋਂ ਇਸ਼ਨਾਨ ਕਰਨ ਤੋਂ ਬਾਅਦ ਸ਼ਰਧਾਲੂ ਅਯੁੱਧਿਆ ਲਈ ਜਾ ਰਹੇ ਸਨ। ਬੀਤੀ ਰਾਤ ਯੂ.ਪੀ. ਦੇ ਜ਼ੋਨਪੁਰ ਨੇੜੇ ਟੈਂਪੂ ਟਰੈਵਲ ਕਿਸੇ ਵਾਹਨ ਦੇ ਨਾਲ ਟਕਰਾਅ ਕੇ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਟੈਂਪੂ ਟਰੈਵਲ ਦੇ ਡਰਾਈਵਰ ਤਰਕਸ਼ੀਲ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਸੁਰੇਸ਼ਵਾਲਾ, ਹਰਦਿਆਲ ਚੰਦ ਪੁੱਤਰ ਰਾਮ ਰੱਖਾ ਦੀ ਮੌਤ ਹੋਈ ਦੱਸੀ ਜਾ ਰਹੀ ਹੈ।