JALANDHAR WEATHER

13-02-2025

 ਮਿਠਾਸ ਬਨਾਮ ਕੁੜੱਤਣ

ਮਨੁੱਖੀ ਮਨ ਅਕਸਰ ਮਿੱਠੀ ਚੀਜ਼ ਵੱਲ ਉਲਾਰ ਹੋ ਜਾਂਦਾ ਹੈ। ਇਸ ਲਈ ਉਸ ਨੂੰ ਤਰ੍ਹਾਂ-ਤਰ੍ਹਾਂ ਦੇ ਮਿੱਠੇ ਪਕਵਾਨ ਹਮੇਸ਼ਾ ਆਕਰਸ਼ਿਤ ਕਰਦੇ ਹਨ। ਮਨਪਸੰਦ ਮਿੱਠੀ ਚੀਜ਼ ਖਾਣ ਨਾਲ ਮਨ ਪ੍ਰਸੰਨ ਹੋ ਜਾਂਦਾ ਹੈ ਪਰ ਜੇਕਰ ਅਸੀਂ ਕੰਟਰੋਲ ਕੀਤੇ ਬਿਨਾਂ ਜ਼ਿਆਦਾ ਮਿੱਠੇ ਪਦਾਰਥਾਂ ਦਾ ਸੇਵਨ ਕਰਨ ਲੱਗਦੇ ਹਾਂ ਤਾਂ ਕਈ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਬਿਲਕੁਲ ਉਲਟ ਕੌੜੀ ਚੀਜ਼ ਤੋਂ ਉਹ ਦੂਰ ਭੱਜਦਾ ਹੈ, ਕਿਉਂਕਿ ਪਹਿਲੀ ਸੱਟੇ ਉਸ ਦਾ ਮਨ ਉਸ ਪਦਾਰਥ ਨੂੰ ਅਸਵੀਕਾਰ ਕਰਦਾ ਹੈ ਤੇ ਸੁਆਦ ਪੱਖੋਂ ਸਰੀਰ ਵੀ ਮਨ੍ਹਾਂ ਕਰ ਦਿੰਦਾ ਹੈ। ਬਿਲਕੁਲ ਇਸੇ ਤਰ੍ਹਾਂ ਹੀ ਚਾਰ ਮਿੱਠੀਆਂ ਗੱਲਾਂ ਕਰਕੇ ਕਈ ਸਾਡੇ ਨੇੜੇ ਹੋਣ ਤੇ ਹਮਦਰਦ ਬਣਨ ਦਾ ਨਾਟਕ ਕਰ ਲੈਂਦੇ ਹਨ, ਪਰ ਸੱਚੀ ਗੱਲ ਕਹਿਣ ਵਾਲਾ ਸਾਨੂੰ ਬੁਰਾ ਲੱਗਦਾ ਹੈ। ਬਹੁਤੀ ਵਾਰ ਮਿਠਾਸ ਖਰਾਬੀ ਕਰਦੀ ਹੈ ਤੇ ਕੁੜੱਤਣ ਫਾਇਦੇਮੰਦ ਸਾਬਤ ਹੋ ਜਾਂਦੀ ਹੈ। ਜਿਵੇਂ ਨਿੰਮ ਦਾ ਸੁਭਾਅ ਕੌੜਾ ਹੁੰਦਾ ਹੈ ਪਰ ਇਸ ਦੇ ਗੁਣ ਇਸ ਦੀ ਵਰਤੋਂ ਤੋਂ ਬਾਅਦ ਪਤਾ ਚੱਲਦੇ ਹਨ।

-ਲਾਭ ਸਿੰਘ ਸ਼ੇਰਗਿੱਲ
ਸੰਗਰੂਰ

ਮਾੜੀ ਸੋਚ ਦਾ ਪ੍ਰਗਟਾਵਾ

ਸੰਵਿਧਾਨ ਦਿਵਸ ਦੇ ਮੌਕੇ ਜਦੋਂ ਸਮੁੱਚਾ ਦੇਸ਼ ਖੁਸ਼ੀਆਂ ਮਨਾ ਰਿਹਾ ਸੀ ਤਾਂ ਉਸ ਵੇਲੇ ਇਕ ਸਿਰਫਿਰੇ ਵਿਅਕਤੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਇਹ ਘਟਨਾ ਅਤਿ ਨਿੰਦਣਯੋਗ ਹੈ। ਇਸ ਘਟੀਆ ਹਰਕਤ ਨਾਲ ਦੋਸ਼ੀ ਦੀ ਮਾੜੀ ਸੋਚ ਸਾਹਮਣੇ ਆਈ ਹੈ। ਪੰਜਾਬ ਸਰਕਾਰ ਅਤੇ ਪੰਜਾਬ ਦੀ ਹਰ ਇਕ ਸੁਚੇਤ ਧਿਰ ਵਲੋਂ ਇਸ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

-ਚਰਨਜੀਤ ਸਿੰਘ ਮੁਕਤਸਰ
ਸ੍ਰੀ ਮੁਕਤਸਰ ਸਾਹਿਬ।

ਪੜ੍ਹਨ ਦਾ ਸ਼ੌਕ ਤੇ ਕਿਤਾਬਾਂ ਦਾ ਪਿਆਰ

ਅਸੀ 'ਅਜੀਤ' ਅਖਬਾਰ ਦੇ ਧੰਨਵਾਦੀ ਹਾਂ ਜਿਸ ਵਿਚੋਂ ਹਰ ਰੋਜ਼ ਨਵੀਂ ਸਮੱਗਰੀ ਪੜ੍ਹਨ ਨੂੰ ਮਿਲਦੀ ਹੈ। ਰੋਜ਼ਾਨਾ ਕੁਝ ਨਵਾਂ ਪੜ੍ਹਨ ਨਾਲ ਜਿੱਥੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਕੁਝ ਨਵਾਂ ਜਾਨਣ ਨੂੰ ਵੀ ਮਿਲਦਾ ਹੈ। ਜਿਸ ਨੂੰ ਪੜ੍ਹਨ ਦਾ ਸ਼ੌਕ ਨਹੀਂ, ਕਿਤਾਬਾਂ ਨਾਲ ਪਿਆਰ ਨਹੀਂ, ਉਹ ਇਕ ਬਹੁਤ ਕੀਮਤੀ ਗਿਆਨ ਦੇ ਖਜ਼ਾਨੇ ਤੋਂ ਵਾਂਝਾ ਰਹਿ ਜਾਂਦਾ ਹੈ। ਕਿਤਾਬਾਂ ਵਿਚ ਇਕ ਚੰਗੇ ਲਿਖਾਰੀ ਦੀ ਜ਼ਿੰਦਗੀ ਦਾ ਅਨੁਭਵ ਹੁੰਦਾ ਹੈ। ਅੱਜ ਸਾਨੂੰ ਚੰਗੀਆਂ ਕਿਤਾਬਾਂ 'ਚੋਂ ਚੰਗੇ ਵਿਚਾਰ ਪ੍ਰਾਪਤ ਕਰਨ ਦੀ ਲੋੜ ਹੈ। ਸਾਨੂੰ ਕਿਤਾਬਾਂ ਨਾਲ ਪੱਕੀ ਦੋਸਤੀ ਪਾਉਣੀ ਚਾਹੀਦੀ ਹੈ, ਕਿਉਂਕਿ ਕਿਤਾਬਾਂ ਹਮੇਸ਼ਾ ਹੀ ਮਨੁੱਖ ਦਾ ਸਹੀ ਮਾਰਗ ਦਰਸ਼ਨ ਕਰਦੀਆਂ ਹਨ। ਗਿਆਨ ਦੀ ਆਪਣੀ ਤਾਕਤ ਹੁੰਦੀ ਹੈ। ਗਿਆਨ ਸ਼ਕਤੀ ਦਾ ਇਕ ਵੱਡਾ ਸੋਮਾ ਹੈ। ਜੇਕਰ ਅੱਜ ਮਨੁੱਖ ਦਾ ਦਰਜਾ ਸਭ ਜੀਵਾਂ ਨਾਲੋਂ ਉੱਤਮ ਮੰਨਿਆ ਜਾਂਦਾ ਹੈ ਤਾਂ ਇਹ ਗਿਆਨ ਕਰਕੇ ਹੀ ਹੈ। ਗਿਆਨ ਕਰਕੇ ਹੀ ਆਧੁਨਿਕ ਮਨੁੱਖ ਕੁਦਰਤ 'ਤੇ ਕਾਬੂ ਪਾਉਣ ਦਾ ਯਤਨ ਕਰ ਰਿਹਾ ਹੈ।

-ਰਾਮ ਕਿਸ਼ਨ ਪਵਾਰ

ਅਵਾਰਾ ਕੁੱਤਿਆਂ ਦੀ ਦਹਿਸ਼ਤ

ਆਏ ਦਿਨ ਪੰਜਾਬ ਵਿਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਦਾ ਕਹਿਰ ਵਰਤਦਾ ਹੈ। ਪਿਛਲੇ ਕੁਝ ਦਿਨਾਂ 'ਚ ਕਈ ਬੱਚੇ ਇਨ੍ਹਾਂ ਦਾ ਸ਼ਿਕਾਰ ਹੋਏ ਹਨ। ਨਾਭਾ ਦੇ ਨੇੜੇ ਇਕ ਪਿੰਡ ਵਿਚ 9 ਸਾਲਾਂ ਦੇ ਬੱਚੇ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਖ਼ਤਮ ਕਰ ਦਿੱਤਾ। ਇਸੇ ਤਰ੍ਹਾਂ ਲੁਧਿਆਣਾ ਨੇੜੇ ਪਿੰਡਨ ਹਸਨਪੁਰ 'ਚ 11 ਤੇ 12 ਸਾਲ ਦੇ ਬੱਚਿਆਂ ਨੂੰ ਖਾ ਗਏ। ਸੈਸੋਵਾਲ ਖੁਰਦ 'ਚ ਡੇਢ ਸਾਲ ਦੇ ਬੱਚੇ ਨੂੰ ਜ਼ਖ਼ਮੀ ਕਰ ਦਿੱਤਾ। ਇਕ ਹੋਰ ਘਟਨਾ, ਜਿਸ 'ਚ ਘਰ ਅੰਦਰ ਵੜ ਕੇ ਡੇਢ ਸਾਲ ਦੇ ਬੱਚੇ ਦੀਆਂ ਅੱਖਾਂ ਖਾ ਗਏ। ਅਜਿਹੀਆਂ ਹੋਰ ਬਹੁਤ ਸਾਰੀਆਂ ਘਟਨਾਵਾਂ ਨਿੱਤ ਦਿਨ ਵਾਪਰ ਰਹੀਆਂ ਹਨ।
ਵਿਸ਼ਵ ਸਿਹਤ ਸੰਸਥਾ ਦੇ ਅੰਕੜਿਆਂ ਅਨੁਸਾਰ ਦੁਨੀਆ 'ਚ ਕੁੱਤਿਆਂ ਦੇ ਵੱਢਣ ਕਾਰਨ ਹੁੰਦੀਆਂ ਮੌਤਾਂ 'ਚੋਂ 36 ਫ਼ੀਸਦੀ ਭਾਰਤ 'ਚ ਹੁੰਦੀਆਂ ਹਨ। ਪੰਜਾਬ-ਹਰਿਆਣਾ ਹਾਈ ਕੋਰਟ ਵਲੋਂ ਪੰਜਾਬ ਸਰਕਾਰ ਨੂੰ ਪ੍ਰਭਾਵਿਤ ਪਰਿਵਾਰਾਂ ਨੂੰ 10 ਹਜ਼ਾਰ ਰੁਪਏ ਮੁਆਵਜ਼ਾ ਦੇ ਦੇਣ ਲਈ ਵੀ ਕਿਹਾ ਹੋਇਆ ਹੈ। ਕੇਂਦਰ ਤੇ ਸੂਬਾ ਸਰਕਾਰਾਂ ਲੋਕਾਂ ਦੀ ਹਿਫਾਜਤ ਲਈ ਤੁਰੰਤ ਕਦਮ ਚੁੱਕਣ। ਜਲਦੀ ਤੋਂ ਜਲਦੀ ਕੋਈ ਪ੍ਰਭਾਵੀਨੀਤੀ ਬਣਾਉਣੀ ਜ਼ਰੂਰੀ ਹੋ ਗਈ ਹੈ।

-ਬੰਤ ਸਿੰਘ ਘੁਡਾਣੀ
ਲੁਧਿਆਣਾ

ਆਪਣੇ ਹੀ ਨਾਲ ਖੜ੍ਹਦੇ ਨੇ

ਜ਼ਿੰਦਗੀ ਦੇ ਸਫ਼ਰ ਵਿਚ ਹਰੇਕ ਮਨੁੱਖ ਕਈ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ। ਸਫ਼ਲਤਾ ਦੇ ਖ਼ੁਸ਼ਗਵਾਰ ਪਲਾਂ ਦੇ ਨਾਲ-ਨਾਲ ਕਈ ਵਾਰ ਦੁੱਖ-ਤਕਲੀਫ਼ ਦੇ ਅਣਚਾਹੇ ਪਲ ਵੀ ਹੁੰਦੇ ਹਨ। ਅਜਿਹੇ ਵਿਚ ਇਹ ਪਹਿਚਾਨਣਾ ਬਹੁਤ ਜ਼ਰੂਰੀ ਹੈ ਕਿ ਅਸਲ ਵਿਚ ਸਾਡੇ ਆਪਣੇ ਕੌਣ ਹਨ। ਅਕਸਰ ਬਹੁਤੇ ਲੋਕ ਸਾਡੀਆਂ ਕਾਮਯਾਬੀਆਂ ਦੇ ਪਲਾਂ ਵਿਚ ਸਾਡੇ ਨਾਲ ਤਸਵੀਰਾਂ ਖਿਚਵਾਉਣ ਅਤੇ ਸਾਡੀ ਤਾਰੀਫ਼ ਕਰਨ ਲਈ ਤਿਆਰ ਰਹਿੰਦੇ ਹਨ। ਪਰ ਦੁੱਖ ਸਮੇਂ ਸਾਡੇ ਨਾਲ ਖੜ੍ਹਨ ਵਾਲੇ ਅਸਲ ਵਿਚ ਆਪਣੇ ਹੀ ਹੁੰਦੇ ਹਨ।
ਸੰਬੰਧਾਂ ਦੀ ਪਰਖ ਕਦੇ ਵੀ ਸੁਹਾਵਣੇ ਪਲਾਂ ਵਿਚ ਨਹੀਂ ਸਗੋਂ ਮੁਸੀਬਤ ਸਮੇਂ ਹੁੰਦੀ ਹੈ। ਚੰਗੇ ਲੋਕਾਂ ਦਾ ਸਹਿਯੋਗ ਸਾਨੂੰ ਸਭ ਤੋਂ ਜ਼ਿਆਦਾ ਦੁੱਖ ਅਤੇ ਤਕਲੀਫ਼ਾਂ ਸਮੇਂ ਮਿਲਦਾ ਹੈ, ਉਹੀ ਲੋਕ ਸਾਡੇ ਜੀਵਨ 'ਚ ਅਸਲ 'ਚ ਆਪਣੇ ਹੁੰਦੇ ਹਨ।
ਮੌਜੂਦਾ ਸਮੇਂ ਸਮਾਜ ਵਿਚ ਲੋਕ ਅਕਸਰ ਦਿਖਾਵੇ ਵਿਚ ਫਸੇ ਰਹਿੰਦੇ ਹਨ। ਸੋਸ਼ਲ ਮੀਡੀਆ ਦੇ ਯੁੱਗ ਵਿਚ ਸਾਂਝੀਆਂ ਕੀਤੀਆਂ ਤਸਵੀਰਾਂ ਅਤੇ ਰਿਸ਼ਤਿਆਂ ਦੀ ਵਰਤੋਂ ਜ਼ਿਆਦਾਤਰ ਪ੍ਰਸਿੱਧੀ ਅਤੇ ਆਪਣੇ ਆਪ ਨੂੰ ਵਧੀਆ ਦਿਖਾਉਣ ਲਈ ਕੀਤੀ ਜਾਂਦੀ ਹੈ। ਸਿਰਫ਼ ਤਸਵੀਰਾਂ ਵਿਚ ਸਮਾਇਲ ਕਰਨਾ ਜਾਂ ਬਾਹਰਲੀ ਤਾਰੀਫ਼ ਕਰਨਾ ਸੰਬੰਧਾਂ ਦੀ ਸੱਚਾਈ ਅਤੇ ਡੂੰਘਾਈ ਦਾ ਸਬੂਤ ਨਹੀਂ ਹੈ। ਹਕੀਕਤ ਤਾਂ ਉਸ ਸਮੇਂ ਸਾਹਮਣੇ ਆਉਂਦੀ ਹੈ, ਜਦੋਂ ਹਾਲਾਤ ਸਾਡੇ ਵਿਰੁੱਧ ਹੋ ਜਾਂਦੇ ਹਨ ਅਤੇ ਸਾਡੀ ਤਕਲੀਫ਼ ਦਾ ਸਹਾਰਾ ਬਣਨ ਵਾਲੇ ਲੋਕ ਹੀ ਸਾਡੇ ਅਸਲ ਮਿੱਤਰ ਬਣਦੇ ਹਨ। ਤਕਲੀਫ਼ਾਂ ਦੇ ਸਮੇਂ ਸਾਡੀ ਜ਼ਿੰਦਗੀ ਵਿਚ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ, ਇਕ ਉਹ ਜੋ ਸਾਨੂੰ ਛੱਡ ਕੇ ਚਲੇ ਜਾਂਦੇ ਹਨ ਅਤੇ ਦੂਜੇ ਉਹ ਜੋ ਸਾਡੇ ਨਾਲ ਖੜ੍ਹੇ ਰਹਿੰਦੇ ਹਨ। ਸਾਨੂੰ ਹੌਸਲਾ ਦੇਣ ਲਈ ਹਮੇਸ਼ਾ ਮੌਜੂਦ ਰਹਿੰਦੇ ਹਨ। ਜਦੋਂ ਕੋਈ ਸਾਡੇ ਤੋਂ ਮਦਦ ਦੀ ਉਮੀਦ ਰੱਖਦਾ ਹੈ ਤਾਂ ਸਾਨੂੰ ਉਨ੍ਹਾਂ ਦੀਆਂ ਤਕਲੀਫ਼ਾਂ ਨੂੰ ਆਪਣੀਆਂ ਸਮਝ ਕੇ ਉਨ੍ਹਾਂ ਦਾ ਸਹਾਰਾ ਬਣਨਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਨਾ ਸਿਰਫ਼ ਇਕ ਸੱਚੇ ਦੋਸਤ ਬਣ ਸਕਦੇ ਹਾਂ, ਬਲਕਿ ਆਪਣੇ ਸੰਬੰਧਾਂ ਨੂੰ ਵੀ ਮਜ਼ਬੂਤ ਕਰ ਸਕਦੇ ਹਾਂ।

-ਹਰਪ੍ਰੀਤ ਸਿੰਘ ਬਰਾੜ
ਮੇਨ ਏਅਰ ਫੋਰਸ ਰੋਡ, ਬਠਿੰਡਾ।