![](/cmsimages/20250211/4776977__a.jpg)
ਨਵੀਂ ਦਿੱਲੀ, 11 ਫਰਵਰੀ- ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪੰਜਾਬ ਦੇ ਮੁੱਖ ਮੰਤਰੀ ਅਤੇ ਵਿਧਾਇਕਾਂ ਨਾਲ ਮੁਲਾਕਾਤ ’ਤੇ, ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਨਤੀਜੇ 8 ਫਰਵਰੀ ਨੂੰ ਐਲਾਨੇ ਗਏ ਸਨ ਤੇ ਇੰਨੀ ਜਲਦੀ ਮੀਟਿੰਗ ਬੁਲਾਉਣ ਤੋਂ ਪਤਾ ਲੱਗਦਾ ਹੈ ਕਿ ਉਹ ਜਲਦੀ ਹੀ ਟੁੱਟ ਜਾਣਗੇ, ਪੰਜਾਬ ਵਿਚ ਮੱਧਕਾਲੀ ਚੋਣਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਜਦੋਂ ਕੋਈ ਪਾਰਟੀ ਹਾਰ ਜਾਂਦੀ ਹੈ, ਤਾਂ ਸੂਬੇ ਦੇ ਅੰਦਰ ਚਰਚਾ ਹੁੰਦੀ ਹੈ, ਦੂਜੇ ਸੂਬਿਆਂ ਨੂੰ ਨਹੀਂ ਬੁਲਾਇਆ ਜਾਂਦਾ। ਉਹ ਚਿੰਤਤ ਹਨ ਕਿ ਦਿੱਲੀ ਵਿਚ ਜੋ ਹੋਇਆ ਉਹ ਪੰਜਾਬ ਵਿਚ ਵੀ ਦੁਹਰਾਇਆ ਜਾ ਸਕਦਾ ਹੈ। ਗੈਂਗਸਟਰਵਾਦ ਅਤੇ ਅੱਤਵਾਦ ਨੂੰ ਲੈ ਕੇ ਪੰਜਾਬ ਦੀ ਹਾਲਤ ਠੀਕ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਇਹ ਵੀ ਦਾਅਵਾ ਕਰਦੇ ਹਨ ਕਿ ਓਪਰੇਸ਼ਨ ਲੋਟਸ ਚੱਲ ਰਿਹਾ ਹੈ ਤੇ ਜੇਕਰ ਕਿਸੇ ਨੇ ਉਨ੍ਹਾਂ ਨੂੰ 15 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਸੀ, ਤਾਂ ਉਨ੍ਹਾਂ ਨੂੰ ਉਸ ਵਿਅਕਤੀ ਵਿਰੁੱਧ ਐਫ਼.ਆਈ.ਆਰ. ਦਰਜ ਕਰਨੀ ਚਾਹੀਦੀ ਸੀ। ਅਜਿਹਾ ਕੁਝ ਨਹੀਂ ਹੋਇਆ।