JALANDHAR WEATHER

30-01-2025

 ਨੈਤਿਕਤਾ ਵਿਚ ਗਿਰਾਵਟ

ਅੱਜ ਸਾਡਾ ਸਮੁੱਚਾ ਸਮਾਜ ਪੱਛਮੀ ਸੱਭਿਅਤਾ 'ਚ ਜਜ਼ਬ ਹੋ ਕੇ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਦੇ ਪਤਨ ਵੱਲ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਅਨੈਤਿਕਤਾ ਖੁੱਲ੍ਹ ਅਤੇ ਭਿਆਨਕ ਰੂਪ 'ਚ ਸਾਹਮਣੇ ਆ ਰਹੀ ਹੈ। ਬੇਲਗਾਮ ਹੋਈ ਮਨੁੱਖੀ ਹਵਸ ਅੱਗੇ ਸਮਾਜਿਕ ਰਿਸ਼ਤਿਆਂ ਦੀ ਪਵਿੱਤਰਤਾ ਤਾਰ-ਤਾਰ ਹੋ ਰਹੀ ਹੈ ਅਤੇ ਸ਼ਰਮ, ਹਯਾ ਤੇ ਰੱਬ ਦਾ ਭੈਅ ਖ਼ਤਮ ਹੋ ਰਿਹਾ ਹੈ। ਭਾਰਤ ਦੀਆਂ ਧਾਰਮਿਕ ਕਦਰਾਂ-ਕੀਮਤਾਂ ਜੋ ਸਮਾਜ ਨੂੰ ਨੈਤਿਕਤਾ ਅਤੇ ਸਦਾਚਾਰਕ ਬੰਧਨਾਂ 'ਚ ਜਕੜ ਕੇ ਰੱਖਦੀਆਂ ਰਹੀਆਂ ਹਨ, ਖ਼ੁਦ ਇਸ ਅਨੈਤਿਕਤਾ ਦਾ ਸ਼ਿਕਾਰ ਹੋ ਰਹੀਆਂ ਹਨ। ਅੱਜ ਵਿਸ਼ਵ ਭਰ ਵਿਚ ਏਡਜ਼ ਦੀ ਬਿਮਾਰੀ ਮਨੁੱਖਤਾ ਦੀ ਬਹੁਤ ਵੱਡੀ ਤਬਾਹੀ ਦਾ ਕਾਰਨ ਬਣ ਰਹੀ ਹੈ। ਏਡਜ਼ ਦੇ ਫੈਲਣ ਦਾ ਦੁਨੀਆ ਵਿਚ ਸਭ ਤੋਂ ਵੱਡਾ ਕਾਰਨ ਸਰੀਰਕ ਨੈਤਿਕਤਾ ਭਾਵ ਆਚਰਣ ਦੇ ਸੰਜਮ ਨਾਲ ਜੁੜਿਆ ਹੋਇਆ ਹੈ। ਅੱਜ ਨੈਤਿਕ ਕਦਰਾਂ-ਕੀਮਤਾਂ 'ਚ ਆਈ ਗਿਰਾਵਟ ਕਰਕੇ ਹੀ ਤਾਂ ਰਿਸ਼ਤਿਆਂ ਦੀ ਪਵਿੱਤਰਤਾ ਤਾਰ-ਤਾਰ ਹੋ ਰਹੀ ਹੈ। ਸਾਨੂੰ ਨੈਤਿਕ ਕਦਰਾਂ-ਕੀਮਤਾਂ ਨੂੰ ਆਪਣੇ ਅਤੇ ਆਪਣੇ ਬੱਚਿਆਂ ਦੇ ਜੀਵਨ ਦਾ ਹਿੱਸਾ ਬਣਾ ਕੇ ਇਕ ਨਿਰੋਏ ਸਮਾਜ ਦੀ ਸਥਾਪਨਾ ਕਰਨੀ ਹੋਵੇਗੀ।

-ਗੌਰਵ ਮੁੰਜਾਲ ਪੀ.ਸੀ.ਐਸ.

ਬੇਖੌਫ਼ ਹੋਏ ਅਪਰਾਧੀ

ਸ. ਬਰਜਿੰਦਰ ਸਿੰਘ ਹੋਰਾਂ ਦੀ ਸੰਪਾਦਕੀ 'ਪ੍ਰਸ਼ਾਸਨ ਲਈ ਵੱਡੀ ਚੁਣੌਤੀ' ਪੜ੍ਹੀ ਜਿਸ ਵਿਚ ਉਨ੍ਹਾਂ ਸੂਬੇ 'ਚ ਵਧ ਰਹੀਆਂ ਅਪਰਾਧਿਕ ਘਟਨਾਵਾਂ ਬਾਰੇ ਵਿਸਥਾਰ ਨਾਲ ਦੱਸਿਆ ਹੈ। ਅਪਰਾਧੀ ਇੰਨੇ ਬੇਖੌਫ਼ ਹੋ ਗਏ ਹਨ ਕਿ ਰੋਜ਼ਾਨਾ ਗੈਂਗਸਟਰਾਂ ਵਲੋਂ ਫਿਰੌਤੀਆਂ, ਚੋਰੀਆਂ, ਸਨੈਚਿੰਗ ਤੇ ਕਤਲਾਂ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ। ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਵਿਗੜਦੀ ਹਾਲਤ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦੂਸਰੇ ਸੂਬਿਆਂ ਤੋਂ ਕਾਫੀ ਪੱਛੜ ਗਿਆ। ਕਾਰਖਾਨੇਦਾਰ ਇੱਥੇ ਕਾਰਖਾਨੇ ਲਗਾਉਣ ਨੂੰ ਤਿਆਰ ਨਹੀਂ ਹਨ। ਨੌਜਵਾਨ ਜੋ ਬੇਰੁਜ਼ਗਾਰੀ ਦੇ ਆਲਮ ਵਿਚ ਨਿਰਾਸ਼ ਹਨ। ਨਸ਼ਿਆਂ ਦੇ ਦਰਿਆ ਵੱਗ ਰਹੇ ਹਨ। ਨੌਜਵਾਨਾਂ ਦੇ ਨਾਲ ਜੋ ਜਵਾਨ ਕੁੜੀਆਂ ਨਸ਼ਿਆਂ ਦਾ ਸੇਵਨ ਕਰ ਰਹੀਆਂ ਹਨ। ਕੋਈ ਵੀ ਜਮਾਂਦਰੂ ਅਪਰਾਧੀ ਨਹੀਂ ਹੁੰਦਾ। ਸਰਕਾਰਾਂ ਦੀਆਂ ਗਲਤ ਨੀਤੀਆਂ ਨਾਲ ਨੌਜਵਾਨ ਅਪਰਾਧ ਦੀ ਦੁਨੀਆ ਵੱਲ ਜਾਂਦੇ ਹਨ। ਸਰਕਾਰ ਨੂੰ ਬਹਾਦਰ ਜਨਤਾ ਜੋ ਨਸ਼ਿਆਂ ਤੇ ਅਪਰਾਧਾਂ ਦੇ ਖ਼ਿਲਾਫ਼ ਕੰਮ ਕਰਦੀ ਹੈ, ਨੂੰ ਸਨਮਾਨਿਤ ਕਰਨਾ ਚਾਹੀਦਾ ਹੈ। ਇਸ ਨਾਲ ਲੋਕਾਂ ਦਾ ਮਨੋਬਲ ਵਧੇਗਾ ਤੇ ਲੁਟੇਰਿਆਂ ਨੂੰ ਠੱਲ੍ਹ ਪਵੇਗੀ।

-ਗੁਰਮੀਤ ਸਿੰਘ ਵੇਰਕਾ
ਸੇਵਾ ਮੁਕਤ ਇੰਸਪੈਕਟਰ, ਪੰਜਾਬ ਪੁਲਿਸ।

ਕਿਤਾਬਾਂ ਦਾ ਮਹੱਤਵ

ਅਜੋਕੇ ਇੰਟਰਨੈੱਟ ਦੇ ਮੋਬਾਈਲ ਯੁੱਗ ਨੇ ਦੁਨੀਆ ਪੱਧਰ 'ਤੇ ਵੱਡਾ ਬਦਲਾਅ ਲਿਆਂਦਾ ਹੈ। ਇਸ ਬਦਲਾਅ ਕਾਰਨ ਸੰਚਾਰ ਸਾਧਨ ਡਾਕ-ਤਾਰ, ਰੇਡੀਓ, ਟੈਲੀਵਿਜ਼ਨ ਅਤੇ ਫੈਕਸ ਮਸ਼ੀਨਾਂ ਆਦਿ ਤਾਂ ਲਗਭਗ ਅਲੋਪ ਹੀ ਹੋ ਗਈਆਂ ਹਨ ਅਤੇ ਅਖ਼ਬਾਰਾਂ ਅਤੇ ਕਿਤਾਬਾਂ ਨੂੰ ਵੀ ਕਾਫੀ ਪਿੱਛੇ ਧੱਕ ਦਿੱਤਾ ਹੈ। ਸਕੂਲ, ਕਾਲਜ, ਯੂਨੀਵਰਸਿਟੀ ਅਤੇ ਹੋਰ ਵਿੱਦਿਅਕ ਸੰਸਥਾਵਾਂ ਵੀ ਵਿਦਿਆਰਥੀਆਂ ਨੂੰ ਜ਼ਿਆਦਾਤਰ ਜਾਣਕਾਰੀ ਇੰਟਰਨੈੱਟ ਦੇ ਮਾਧਿਅਮ ਰਾਹੀਂ ਦੇਣ ਲੱਗੀਆਂ, ਜਿਸ ਕਾਰਨ ਵਿਦਿਆਰਥੀ ਕਿਤਾਬਾਂ ਅਤੇ ਲਾਇਬ੍ਰੇਰੀਆਂ ਤੋਂ ਦੂਰ ਹੁੰਦਾ ਜਾ ਰਿਹਾ ਹੈ। ਪਰ ਵਿਦਿਆਰਥੀ ਜੀਵਨ ਵਿਚ ਕਿਤਾਬਾਂ ਪੜ੍ਹਨ ਦਾ ਬਹੁਤ ਜ਼ਿਆਦਾ ਮਹੱਤਵ ਹੈ ਕਿਉਂਕਿ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਪੜ੍ਹਨ ਨਾਲ ਉਸ ਨੂੰ ਪੜ੍ਹਨ ਦੀ ਆਦਤ ਤਾਂ ਬਣ ਹੀ ਜਾਂਦੀ ਹੈ, ਸਿਲੇਬਸ ਦੀ ਪੜ੍ਹਾਈ ਦੇ ਨਾਲ-ਨਾਲ ਵੱਖ-ਵੱਖ ਵਿਸ਼ਿਆਂ ਦੇ ਸੰਬੰਧੀ ਕਿਤਾਬਾਂ ਪੜ੍ਹਨ ਨਾਲ ਵਿਦਿਆਰਥੀ ਦਾ ਦ੍ਰਿਸ਼ਟੀਕੋਣ ਵਿਸ਼ਾਲ ਹੁੰਦਾ ਹੈ। ਕਿਤਾਬਾਂ ਪੜ੍ਹਨ ਨਾਲ ਆਪਣੇ ਮਨ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਸ਼ਬਦਾਵਲੀ ਦਾ ਘੇਰਾ ਵਿਸ਼ਾਲ ਬਣ ਜਾਂਦਾ ਹੈ। ਕਿਤਾਬਾਂ ਪੜ੍ਹਨ ਨਾਲ ਸਾਹਿਤ ਦੇ ਵੱਖ-ਵੱਖ ਰੂਪ ਜਿਵੇਂ ਕਵਿਤਾਵਾਂ, ਕਹਾਣੀਆਂ, ਨਾਟਕਾਂ ਤੇ ਨਾਵਲਾਂ ਬਾਰੇ ਵੀ ਪਤਾ ਲੱਗਦਾ ਹੈ ਅਤੇ ਕਿਤਾਬਾਂ ਹੀ ਉਨ੍ਹਾਂ ਦੇ ਮਾਨਸਿਕ ਵਿਕਾਸ ਦਾ ਸਾਧਨ ਬਣਦੀਆਂ ਹਨ। ਕਿਤਾਬਾਂ ਤਾਂ ਵਿਦਿਆਰਥੀ ਦੇ ਜੀਵਨ ਵਿਚ ਇਕ ਦੀਵੇ ਵਾਂਗ ਉਸ ਦੇ ਮਨ ਦੇ ਹਨੇਰੇ ਨੂੰ ਆਪਣੀ ਰੌਸ਼ਨੀ ਨਾਲ ਦੂਰ ਕਰਦੀਆਂ ਹਨ।

-ਹਰਪ੍ਰੀਤ ਕੌਰ
ਸਰਕਾਰੀ ਹਾਈ ਸਕੂਲ, ਮੋਜੋਵਾਲ।

ਵਧੀਆ ਲੇਖ

ਪਿਛਲੇ ਦਿਨੀਂ ਸੰਪਾਦਕੀ ਪੰਨੇ 'ਤੇ ਡਾ. ਸਿਆਮ ਸੁੰਦਰ ਦੀਪਤੀ ਦਾ ਲੇਖ 'ਸਿਹਤ ਸੇਵਾਵਾਂ ਦਾ ਸਰਮਾਏਦਾਰੀ ਮਾਡਲ' ਨਿੱਜੀ ਹਸਪਤਾਲਾਂ ਦੇ ਡਾਕਟਰਾਂ ਵਲੋਂ ਕਥਿਤ ਤੌਰ 'ਤੇ ਸਿਹਤ ਸੇਵਾਵਾਂ ਦੇ ਕੀਤੇ ਗਏ ਵਪਾਰੀਕਰਨ ਦੇ ਪਾਜ਼ ਉਧੇੜਦਾ ਹੈ। ਲੇਖਕ ਨੇ ਤੱਥਾਂ ਅਤੇ ਦਲੀਲਾਂ ਸਹਿਤ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਵਲੋਂ ਸਿਹਤ ਸੇਵਾਵਾਂ ਦੇ ਕੀਤੇ ਗਏ ਵਪਾਰੀਕਰਨ ਨੂੰ ਨੰਗਾ ਕਰਨ ਅਤੇ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਗੋਰਖਧੰਦੇ ਪ੍ਰਤੀ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਵੇਂ ਸਾਰੇ ਵਰਗਾਂ 'ਚ ਚੰਗੇ ਵੀ ਤੇ ਲਾਲਚੀ ਕਿਸਮ ਦੇ ਲੋਕ ਹੁੰਦੇ ਹਨ, ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਇਸ ਪਵਿੱਤਰ ਪੇਸ਼ੇ 'ਚ ਨਿੱਜੀ ਸਿਹਤ ਸੇਵਾਵਾਂ ਦਾ ਵੱਡੇ ਪੱਧਰ 'ਤੇ ਵਪਾਰੀਕਰਨ ਹੋ ਚੁੱਕਿਆ ਹੈ ਅਤੇ ਅਜਿਹੇ ਨਿੱਜੀ ਹਸਪਤਾਲਾਂ ਵਿਚ ਇਲਾਜ ਕਰਵਾਉਣਾ ਹਰ ਇਕ ਦੇ ਵੱਸ ਦੀ ਗੱਲ ਨਹੀਂ। ਬਹੁਤੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਵਲੋਂ ਬਿਮਾਰੀ ਦੇ ਕਾਰਨਾਂ ਦਾ ਪਤਾ ਲਗਾ ਕੇ ਮਰੀਜ਼ ਦਾ ਇਲਾਜ ਸ਼ੁਰੂ ਕਰਨ ਦੀ ਬਜਾਏ ਆਪਣੇ ਨਿੱਜੀ ਆਰਥਿਕ ਲਾਭ ਨੂੰ ਮੁੱਖ ਰੱਖ ਕੇ ਮਰੀਜ਼ਾਂ ਨੂੰ ਬੇਲੋੜੇ ਟੈਸਟ ਕਰਵਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਵੱਡੇ ਹਸਪਤਾਲਾਂ ਦੇ ਡਾਕਟਰਾਂ ਵਲੋਂ ਲਗਾਏ ਜਾਂਦੇ ਮੁਫ਼ਤ ਸਿਹਤ ਜਾਂਚ ਕੈਂਪ ਵੀ ਅਸਲ ਵਿਚ ਕੈਂਪਾਂ ਰਾਹੀਂ ਗਾਹਕ ਬਣਾਉਣ ਲਈ ਮਰੀਜ਼ ਲੱਭਣ ਦੀ ਹੀ ਸਕੀਮ ਹੀ ਆਖੀ ਜਾ ਸਕਦੀ ਹੈ।

-ਮਨੋਹਰ ਸਿੰਘ ਸੱਗੂ
ਧੂਰੀ (ਸੰਗਰੂਰ)