ਸੰਦੀਪ ਸਿੰਘ ਨੰਗਲ ਅੰਬੀਆਂ ਕਤਲ ’ਚ ਸ਼ਾਮਿਲ ਕੌਸ਼ਲ ਚੌਧਰੀ ਗੈਂਗ ਦੇ ਛੇ ਮੈਂਬਰ ਗਿ੍ਫ਼ਤਾਰ
ਚੰਡੀਗੜ੍ਹ, 27 ਜਨਵਰੀ- ਡੀ.ਜੀ.ਪੀ. ਪੰਜਾਬ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਕ ਵੱਡੀ ਸਫ਼ਲਤਾ ਵਿਚ, ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਕੌਸ਼ਲ ਚੌਧਰੀ ਗੈਂਗ ਦੇ ਛੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਵਿਚ ਇਕ ਵੱਡੀ ਟਾਰਗੇਟ ਕਿਲਿੰਗ ਨੂੰ ਨਾਕਾਮ ਕਰ ਦਿੱਤਾ, ਜਿਨ੍ਹਾਂ ਵਿਚ ਮੁੱਖ ਸਾਥੀ ਪੁਨੀਤ ਲਖਨਪਾਲ ਉਰਫ਼ ਸ਼ਰਮਾ ਅਤੇ ਨਰਿੰਦਰ ਕੁਮਾਰ ਉਰਫ਼ ਲਾਲੀ ਸ਼ਾਮਿਲ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪਿਛਲੇ 3 ਸਾਲਾਂ ਤੋਂ ਗ੍ਰਿਫ਼ਤਾਰੀਆਂ ਤੋਂ ਬਚ ਰਹੇ ਸਨ, ਉਹ ਸਿੱਧੇ ਤੌਰ ’ਤੇ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ (2022) ਅਤੇ ਸੁਖਮੀਤ ਸਿੰਘ ਉਰਫ਼ ਡਿਪਟੀ (2021) ਦੇ ਕਤਲਾਂ ਵਿਚ ਸ਼ਾਮਿਲ ਸਨ। ਉਹ ਸਤੰਬਰ 2024 ਵਿਚ ਰਾਜਸਥਾਨ ਦੇ ਹਾਈਵੇਅ ਕਿੰਗ ਹੋਟਲ ’ਤੇ ਅੰਨ੍ਹੇਵਾਹ ਗੋਲੀਬਾਰੀ ਕਰਨ ਅਤੇ 5 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਿਚ ਵੀ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਗਏ ਵਿਅਕਤੀਆਂ ਪਾਸੋਂ 6 ਆਧੁਨਿਕ ਹਥਿਆਰ ਅਤੇ 40 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ ਤੇ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਵਿਖੇ ਇਕ ਐਫ਼.ਆਈ.ਆਰ. ਦਰਜ ਕੀਤੀ ਗਈ ਹੈ।