ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਬਕਾ ਸਾਂਸਦ ਵਿਜੇ ਸਾਂਪਲਾ ਦੇ ਬਿਆਨ 'ਤੇ ਪ੍ਰਤੀਕਰਮ
ਅੰਮ੍ਰਿਤਸਰ, 26 ਜਨਵਰੀ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਸਾਬਕਾ ਸਾਂਸਦ ਵਿਜੇ ਸਾਂਪਲਾ ਵਲੋਂ ਸ੍ਰੀ ਅੰਮ੍ਰਿਤਸਰ ਵਿਖੇ ਕੋਤਵਾਲੀ ਨਜ਼ਦੀਕ ਲੱਗੇ ਡਾ. ਬੀ. ਆਰ. ਅੰਬੇਡਕਰ ਜੀ ਦੇ ਬੁੱਤ ਨਾਲ ਕਿਸੇ ਵਿਅਕਤੀ ਵਲੋਂ ਛੇੜਛਾੜ ਕਰਨ ਦੀ ਕੀਤੀ ਹਰਕਤ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਇਸ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਨਾਲ ਜੋੜਨਾ ਬਿਲਕੁਲ ਗਲਤ ਹੈ। ਜਾਰੀ ਬਿਆਨ ਵਿਚ ਸਕੱਤਰ ਨੇ ਕਿਹਾ ਕਿ ਇਹ ਬੁੱਤ ਪਾਰਟੀਸ਼ੀਸ਼ਨ ਮਿਊਜ਼ੀਅਮ ਅਤੇ ਕੋਤਵਾਲੀ ਦੇ ਨਜ਼ਦੀਕ ਪੈਂਦਾ ਹੈ ਜਿਥੇ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੈ। ਭਾਵੇਂ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰਵਾਰ ਗਲਿਆਰਾ ਇਲਾਕਾ ਵੀ ਸਰਕਾਰੀ ਪ੍ਰਬੰਧਾਂ ਹੇਠ ਹੈ ਪਰ ਬੁੱਤ ਤਾਂ ਉਥੋਂ ਕਰੀਬ ਇਕ ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਡਾ. ਬੀ. ਆਰ. ਅੰਬੇਡਕਰ ਜੀ ਦਾ ਸਤਿਕਾਰ ਕਰਦੀ ਹੈ ਅਤੇ ਉਨ੍ਹਾਂ ਦੇ ਬੁੱਤ ਨਾਲ ਛੇੜਛਾੜ ਦੀ ਘਟਨਾ ਦੀ ਵੀ ਨਿੰਦਾ ਕਰਦੀ ਹੈ ਪਰ ਸ੍ਰੀ ਵਿਜੇ ਸਾਂਪਲਾ ਵਲੋਂ ਇਸ ਘਟਨਾ ਨੂੰ ਸ੍ਰੀ ਹਰਿਮੰਦਰ ਸਾਹਿਬ ਨਾਲ ਜੋੜ ਕੇ ਸਵਾਲ ਕਰਨੇ ਸੰਗਤ ਅਤੇ ਲੋਕਾਂ ਵਿਚ ਭੁਲੇਖਾ ਪੈਦਾ ਕਰਨ ਦੀ ਹਰਕਤ ਹੈ ਜੋ ਕਿ ਅਤਿ ਨਿੰਦਣਯੋਗ ਹੈ। ਅਜਿਹੀ ਮਨਘੜਤ ਬਿਆਨਬਾਜ਼ੀ ਅਤੇ ਇਲਜ਼ਾਮਬਾਜ਼ੀ ਠੀਕ ਨਹੀਂ ਹੈ, ਇਸ ਲਈ ਸ੍ਰੀ ਸਾਂਪਲਾ ਨੂੰ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ ਕਿਉਂਕਿ ਸੰਗਤ ਅੰਦਰ ਕਿਸੇ ਵੀ ਤਰ੍ਹਾਂ ਦਾ ਭੁਲੇਖਾ ਬਣਿਆ ਰਹਿਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਪਾਸੋਂ ਸਪੱਸ਼ਟੀਕਰਨ ਦੀ ਗੱਲ ਕਰਨੀ ਵੀ ਉਚਿਤ ਨਹੀਂ ਹੈ।