'ਮੇਰਾ ਬਿੱਲ' ਐਪ 'ਤੇ ਬਿੱਲ ਅਪਲੋਡ ਕਰਨ 'ਤੇ ਜੇਤੂਆਂ ਨੂੰ 2 ਕਰੋੜ 27 ਲੱਖ 40 ਹਜ਼ਾਰ ਦੇ ਇਨਾਮਾਂ ਨਾਲ ਨਿਵਾਜਿਆ - ਹਰਪਾਲ ਸਿੰਘ ਚੀਮਾ
ਸੰਗਰੂਰ, 26 ਜਨਵਰੀ (ਧੀਰਜ ਪਸ਼ੋਰੀਆ)-ਦੇਸ਼ ਦੇ 76ਵੇਂ ਗਣਤੰਤਰ ਦਿਵਸ ਮੌਕੇ ਆਯੋਜਿਤ ਜ਼ਿਲ੍ਹਾ ਪੱਧਰੀ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਆਪਣੀ ਖਰੀਦ ਦਾ ਬਿੱਲ ਲੈਣ ਵਾਸਤੇ ਉਤਸ਼ਾਹਿਤ ਕਰਨ ਲਈ 'ਬਿੱਲ ਲਿਆਓ ਇਨਾਮ ਪਾਓ' ਸਕੀਮ ਜਾਰੀ ਕੀਤੀ ਗਈ ਹੈ ਅਤੇ ਇਸ ਯੋਜਨਾ ਤਹਿਤ ਜਨਵਰੀ 2025 ਤੱਕ 'ਮੇਰਾ ਬਿੱਲ' ਐਪ 'ਤੇ ਆਪਣੇ ਖਰੀਦ ਬਿੱਲਾਂ ਨੂੰ ਅਪਲੋਡ ਕਰਨ ਲਈ 3850 ਜੇਤੂਆਂ ਨੂੰ 2 ਕਰੋੜ 27 ਲੱਖ 40 ਹਜ਼ਾਰ ਰੁਪਏ ਦੇ ਇਨਾਮਾਂ ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਤੰਬਰ 2023 ਤੋਂ ਸ਼ੁਰੂ ਕੀਤੀ ਇਸ ਸਕੀਮ ਹੇਠ ਹੁਣ ਤੱਕ 16 ਡਰਾਅ ਸਫਲਤਾਪੂਰਵਕ ਕੱਢੇ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਹਰ ਵਸਤੂ ਦਾ ਬਿੱਲ ਲਿਆ ਜਾਵੇ।