ਨਿਹੰਗ ਸਿੰਘਾਂ ਦੇ ਮਹੱਲੇ ਉਪਰੰਤ ਸ੍ਰੀ ਮੁਕਤਸਰ ਸਾਹਿਬ ਦਾ ਮਾਘੀ ਜੋੜ ਮੇਲ ਸਮਾਪਤ
ਸ੍ਰੀ ਮੁਕਤਸਰ ਸਾਹਿਬ, 15 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਵਲੋਂ ਬੁੱਢਾ ਦਲ ਨੂੰ ਬਖਸ਼ਿਸ਼ ਨਿਸ਼ਾਨ ਸਾਹਿਬ ਤੇ ਨਿਗਾਰਿਆਂ ਦੀ ਛਤਰ-ਛਾਇਆ ਹੇਠ ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਛਾਉਣੀ ਬੁੱਢਾ ਦਲ ਨੇੜੇ ਗੁਰਦੁਆਰਾ ਤੰਬੂ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਮਹੱਲਾ ਦੀ ਆਰੰਭਤਾ ਹੋਈ। ਇਸ ਤੋਂ ਪਹਿਲਾਂ ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਛਾਉਣੀ ਬੁੱਢਾ ਦਲ ਵਿਖੇ ਸ੍ਰੀ ਅਖੰਡ ਪਾਠਾਂ ਦੇ ਭੋਗ ਨਿਹੰਗ ਸਿੰਘਾਂ ਦੀ ਚਲੀ ਆਉਂਦੀ ਪੁਰਾਤਨ ਮਰਿਯਾਦਾ ਅਨੁਸਾਰ ਪਾਏ ਗਏ। ਬੁੱਢਾ ਦਲ ਦੇ ਹੈੱਡ ਗ੍ਰੰਥੀ ਬਾਬਾ ਮੱਘਰ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨਵਾਲੇ ਅਤੇ ਵੱਖ-ਵੱਖ ਰਾਗੀ ਜਥਿਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ। ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਮਾਘੀ ਦੇ ਪਾਵਨ ਦਿਹਾੜੇ ਉਤੇ ਸ਼ਹੀਦਾਂ ਨੂੰ ਪ੍ਰਣਾਮ ਕਰਨ ਪੁੱਜੀਆਂ ਸੰਗਤਾਂ ਅਤੇ ਉਨ੍ਹਾਂ ਦੀ ਟਹਿਲ ਸੇਵਾ ਕਰਨ ‘ਚ ਲੱਗੇ ਸਭ ਸੇਵਾ ਦਲਾਂ ਦਾ ਦਿਲੋਂ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਇਹ ਮੁਕਤਸਰ ਸਾਹਿਬ ਦਾ ਜੋੜ ਮੇਲਾ ਭੁੱਲਾਂ ਬਖਸ਼ਾ ਕੇ ਗੁਰੂ ਦਾ ਲੜ ਫੜਨ ਵਾਲਾ ਹੈ। ਬੇਦਾਵਾ ਦੇਣ ਵਾਲੇ ਸਿੰਘਾਂ ਨੇ ਕੁਰਬਾਨੀ ਦੇ ਕੇ ਆਪਣੀ ਭੁੱਲ ਗੁਰੂ ਜੀ ਤੋਂ ਬਖ਼ਸ਼ਾ ਕੇ ਵੱਖ-ਵੱਖ ਖਿਤਾਬਾਂ ਦੇ ਰੂਪ ‘ਚ ਅਸੀਸਾਂ ਪ੍ਰਾਪਤ ਕੀਤੀਆਂ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਸੰਘਰਸ਼ ਪੂਰਨ ਅਤੇ ਸ਼ਾਨਾਮਤਾ ਹੈ। ਹਰ ਸਿੱਖ ਨੂੰ ਹਰ ਸਮੇਂ ਚੜ੍ਹਦੀ ਕਲਾ ‘ਚ ਰਹਿੰਦਿਆਂ ਕੌਮ ਦੀ ਬਿਹਤਰੀ ਲਈ ਤੱਤਪਰ ਰਹਿਣਾ ਚਾਹੀਦਾ ਹੈ। ਉਪਰੰਤ ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਤੋਂ ਬੁੱਢਾ ਦਲ ਦੀ ਅਗਵਾਈ ਵਿਚ ਵੱਖ-ਵੱਖ ਤਰਨਾ ਦਲਾਂ ਦੇ ਮੁਖੀ ਨਿਹੰਗ ਸਿੰਘਾਂ ਦਾ ਇਕ ਵਿਸ਼ਾਲ ਕਾਫਲਾ ਹਾਥੀਆਂ, ਊਠਾਂ, ਘੋੜਿਆਂ, ਗੱਡੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੈਦਲ ਯਾਤਰਾ ਕਰਦੇ ਨਿਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਮਹੱਲਾ ਖਾਲਸਾਈ ਜੈਕਾਰਿਆਂ ਨਾਲ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਗੁ. ਖੂਹ ਸਾਹਿਬ ਨੇੜਲੇ ਮੈਦਾਨ ਵਿਚ ਪਾਣੀ ਹੋਣ ਕਾਰਨ ਮਲੋਟ ਰੋਡ ਉਤੇ ਖੁੱਲ੍ਹੇ ਮੈਦਾਨ ਉਤੇ ਵਾਜਿਆਂ, ਗਾਜਿਆਂ ਸਮੇਤ ਪੁੱਜਾ। ਬੈਂਡ ਵਾਜਿਆਂ ਦੀਆਂ ਸੁੰਦਰ ਧੁੰਨਾਂ, ਢੋਲਾਂ ਤੇ ਡਗੇ ਨਗਾਰਿਆਂ ਉਤੇ ਚੋਟਾਂ ਲਗਾਉਂਦੇ ਨਿਹੰਗ ਸਿੰਘਾਂ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਹਾਜ਼ਰ ਹੋਏ। ਗੱਤਕੇ ਦੇ ਪ੍ਰਦਰਸ਼ਨ ਰਾਹੀਂ ਨਿਹੰਗ ਸਿੰਘਾਂ ਨੇ ਗੱਤਕੇ ਦੇ ਜੌਹਰ ਵਿਖਾਏ। ਮਹੱਲੇ ਵਿਚ ਨਿਹੰਗ ਸਿੰਘ ਦਲਾਂ ਦੇ ਮੁਖੀ ਤੇ ਵੱਡੀ ਗਿਣਤੀ ਵਿਚ ਨਿਹੰਗ ਸਿੰਘਾਂ ਨੇ ਤਿਆਰ-ਬਰ-ਤਿਆਰ ਸ਼ਸਤਰਧਾਰੀ ਹੋ ਕੇ ਸ਼ਮੂਲੀਅਤ ਕੀਤੀ। ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਮਹੱਲੇ ‘ਚ ਸ਼ਾਮਿਲ ਹੋਏ ਸਮੂਹ ਜਥੇਦਾਰਾਂ, ਲਾਡਲੀਆਂ ਫੌਜਾਂ ਦਾ ਵਿਸ਼ੇਸ਼ ਤੌਰ ਉਤੇ ਧੰਨਵਾਦ ਕੀਤਾ।