10-07-2025
ਫਿਲਮ ਦੀ ਆਲੋਚਨਾ ਉਸਾਰੂ ਨਹੀਂ
ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਦਲਜੀਤ ਦੁਸਾਂਝ ਦੀ ਫ਼ਿਲਮ ਸਰਦਾਰ ਜੀ-3 ਨੂੰ ਲੈ ਕੇ ਜੋ ਵਿਵਾਦ ਚੱਲ ਰਿਹਾ ਹੈ। ਉਹ ਬੇਲੋੜਾ ਤੇ ਅਰਥਹੀਣ ਹੈ। ਇਹ ਵਿਰੋਧ ਜਿਸ ਮੁਸਲਿਮ ਹੀਰੋਇਨ ਨੂੰ ਸਾਹਮਣੇ ਰੱਖ ਕੇ ਕੀਤਾ ਜਾ ਰਿਹਾ ਹੈ ਉਸ ਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ। ਸਾਡਾ ਪਾਕਿਸਤਾਨ ਨਾਲ ਵਪਾਰ ਖਰਾਬ ਸੰਬੰਧਾਂ ਤੇ ਤਣਾਅ ਦੇ ਚਲਦਿਆਂ ਵੀ ਨਿਰੰਤਰ ਜਾਰੀ ਹੈ। ਫਿਰ ਫਿਲਮ ਕਿਉਂ ਨਹੀਂ? ਅਗਲੀ ਗੱਲ ਫ਼ਿਲਮ ਪਹਿਲਗਾਮ ਹਮਲੇ ਤੋਂ ਪਹਿਲਾਂ ਦੀ ਬਣੀ ਹੋਈ ਹੈ। ਇਸ ਤੋਂ ਵੀ ਅਗਲੀ ਗੱਲ ਫ਼ਿਲਮ ਦੀ ਕਾਸਟਿੰਗ ਦਾ ਅਧਿਕਾਰ ਹੀਰੋ ਦਾ ਕੰਮ ਨਹੀਂ ਹੁੰਦਾ, ਇਹ ਨਿਰਮਾਤਾ ਨੇ ਕਰਨੀ ਹੁੰਦੀ ਹੈ. ਜਿਸ ਕਰਕੇ ਦਿਲਜੀਤ ਨੂੰ ਜ਼ਿੰਮੇਵਾਰ ਠਹਿਰਾਉਣਾ ਗ਼ੈਰ ਵਾਜਿਬ ਹੈ। ਦਿਲਜੀਤ ਦੁਸਾਂਝ ਨੂੰ ਗੱਦਾਰ ਜਾਂ ਖਾਲਿਸਤਾਨੀ ਕਹਿਣਾ ਬਿਲਕੁਲ ਦੇਸ਼ ਦੇ ਹਿੱਤ 'ਚ ਨਹੀਂ। ਉਸ ਨੇ ਕੋਈ ਵੀ ਦੇਸ਼ ਵਿਰੋਧੀ ਗਤੀਵਿਧੀ 'ਚ ਹਿੱਸਾ ਨਹੀਂ ਲਿਆ ਤੇ ਨਾ ਹੀ ਖਾਲਿਸਤਾਨ ਦੇ ਪੱਖ 'ਚ ਕਦੇ ਕੋਈ ਗੱਲ ਆਖੀ ਹੈ।
-ਲੈਕਚਰਾਰ ਅਜੀਤ ਖੰਨਾ
ਹਾਂ, ਅਸੀਂ ਮਰ ਚੁੱਕੇ ਹਾਂ
ਇਹ ਸਾਡਾ ਸੱਚ ਹੈ ਜੋ ਅਸੀਂ ਸਵੀਕਾਰ ਨਹੀਂ ਕਰਨਾ ਚਾਹੁੰਦੇ, ਅਸੀਂ ਰੋਜ਼ਾਨਾ ਕੰਮ ਕਰਦੇ ਹਾਂ, ਹੱਸਦੇ ਹਾਂ, ਪਰ ਅੰਦਰੋਂ ਅਸੀਂ ਸੁੰਨੇ ਹੋ ਚੁੱਕੇ ਹਾਂ। ਅਸੀਂ ਇੰਨੇ ਵਿਅਸਤ ਹੋ ਗਏ ਹਾਂ ਕਿ ਨਾ ਆਪਣੇ ਆਪ ਨੂੰ ਸਮਝਦੇ ਹਾਂ, ਨਾ ਕਿਸੇ ਹੋਰ ਦੀ ਚੀਕ ਸੁਣਦੇ ਹਾਂ, ਦੁੱਖ ਸਾਂਝਾ ਕਰਨਾ ਤਾਂ ਭੁੱਲ ਹੀ ਗਏ ਹਾਂ, ਰਿਸ਼ਤੇ ਨਿਭਾਉਣ ਦੀ ਥਾਂ ਮਿਟਾਉਣ ਲੱਗ ਪਏ ਹਾਂ। ਮੋਬਾਈਲ ਦੀ ਸਕਰੀਨ 'ਤੇ ਉਮੰਗ ਲੱਭਦੇ ਹਾਂ, ਪਰ ਅੱਖਾਂ ਵਿਚ ਪਿਆਰ ਭਰਨਾ ਭੁੱਲ ਚੁੱਕੇ ਹਾਂ, ਨਫਰਤ ਵਧ ਗਈ, ਪਰ ਸਹਿਣਸ਼ੀਲਤਾ ਮਰ ਗਈ, ਸਾਡਾ ਜ਼ਮੀਰ ਚੁੱਪ ਹੋ ਗਿਆ, ਹੌਂਸਲੇ ਹਾਰ ਗਏ ਤੇ ਦਿਲ ਇਕ ਮਕਾਨ ਬਣ ਗਿਆ ਜਿਸ ਵਿਚ ਨਾ ਕੋਈ ਵਸਦਾ ਹੈ, ਨਾ ਹੀ ਕੋਈ ਹੱਸਦਾ ਹੈ। ਅਸੀਂ ਜਿਉਂਦੇ ਲਾਸ਼ਾਂ ਬਣ ਚੁੱਕੇ ਹਾਂ, ਜੋ ਸਿਰਫ਼ ਸਾਹ ਲੈਂਦੇ ਹਨ। ਪਰ ਅੰਦਰੋਂ ਮਰ ਚੁੱਕੇ ਹਾਂ।
-ਮੰਜੂ ਰਾਇਕਾ
ਰਣਬੀਰ ਕਾਲਜ, ਸੰਗਰੂਰ।
ਕੀ ਪਲਾਸਟਿਕ ਲਿਫ਼ਾਫ਼ੇ ਬੰਦ ਹਨ?
ਪਿਛਲੇ ਕੁਝ ਸਾਲਾਂ ਵਿਚ ਕੇਂਦਰ ਸਰਕਾਰ ਵਲੋਂ ਪਲਾਸਟਿਕ ਲਿਫਾਫਿਆਂ 'ਤੇ ਬੈਨ ਲਗਾਇਆ ਗਿਆ ਸੀ, ਅਤੇ ਇਹ ਨਿਯਮ ਸਾਰੇ ਰਾਜਾਂ ਵਿਚ ਲਾਗੂ ਕੀਤਾ ਗਿਆ ਸੀ ਪਰ ਪੰਜਾਬ ਵਿਚ ਪਲਾਸਟਿਕ ਲਿਫਾਫਿਆਂ ਦਾ ਚਲਣ ਆਮ ਹੀ ਦੇਖਿਆ ਜਾ ਸਕਦਾ ਹੈ, ਹਾਲਾਂਕਿ ਪਲਾਸਟਿਕ ਲਿਫਾਫੇ ਜੋ ਕਿ ਜਲਦੀ ਨਹੀਂ ਗਲ਼ਦੇ ਅਤੇ ਇਹ ਨਾਲੀਆਂ ਵਿਚ ਜਾ ਕੇ ਨਾਲੀਆਂ ਅਤੇ ਸੀਵਰੇਜ ਨੂੰ ਰੋਕ ਦਿੰਦੇ ਹਨ, ਜਿਸ ਨਾਲ ਗਲੀਆਂ 'ਚ ਅਤੇ ਸੜਕਾਂ 'ਤੇ ਪਾਣੀ ਖੜ੍ਹਾ ਹੋ ਜਾਂਦਾ ਹੈ ਜੋ ਕਿ ਕਈ ਬੀਮਾਰੀਆਂ ਨੂੰ ਪੈਦਾ ਕਰਦਾ ਹੈ, ਇਹ ਪਲਾਸਟਿਕ ਲਿਫਾਫੇ ਪੰਜਾਬ ਦੇ ਹਰ ਪਿੰਡ, ਸ਼ਹਿਰ ਦੀ ਰੇਹੜੀ 'ਤੇ, ਹਰ ਦੁਕਾਨਦਾਰ ਕੋਲ ਆਮ ਹੀ ਦੇਖੇ ਜਾ ਸਕਦੇ ਹਨ ਪਰ ਸਰਕਾਰ ਇਸ ਗੱਲ 'ਤੇ ਮੌਨ ਧਾਰਣ ਕਰੀ ਬੈਠੀ ਹੈ।
-ਅਸ਼ੀਸ਼ ਸ਼ਰਮਾ
ਜਲੰਧਰ।
ਪਾਣੀ ਦਾ ਡਿੱਗਦਾ ਪੱਧਰ
ਅੱਜ ਹਵਾ, ਪਾਣੀ ਦੇ ਪ੍ਰਦੂਸ਼ਣ ਤੋਂ ਬਾਅਦ ਪਾਣੀ ਦੇ ਲਗਾਤਾਰ ਡਿਗ ਰਹੇ ਪੱਧਰ ਦੀ ਚਰਚਾ ਹੋ ਰਹੀ ਹੈ। ਟਿਊਬਵੈੱਲ ਦੇ ਬੋਰਾਂ ਨੂੰ ਹੋਰ ਡੂੰਘਾ ਕਰਨਾ ਵੀ ਕੋਈ ਹੱਲ ਨਹੀਂ ਹੈ। ਅਸਲ ਵਿਚ ਸਮੇਂ ਦੀਆਂ ਸਰਕਾਰਾਂ ਦੀ ਸੋਚ ਪੰਜਾਬ ਦੇ ਅਜਿਹੇ ਅਹਿਮ ਮਸਲੇ ਪ੍ਰਤੀ ਸਹੀ ਨਹੀਂ ਰਹੀ। ਉਦਯੋਗ, ਖੇਤੀਬਾੜੀ ਤੇ ਘਰੇਲੂ ਵਰਤੋਂ ਲਈ ਪਾਣੀ ਦੀ ਘਾਟ ਹੋਰ ਤੰਗ ਕਰੇਗੀ। ਝੋਨੇ ਦੀ ਖੇਤੀ ਵੀ ਬਹੁਤ ਪਾਣੀ ਦੀ ਮੰਗ ਕਰਦੀ ਹੈ।
ਖੇਤੀ ਵਿਭਿੰਨਤਾ ਦੀ ਕੋਈ ਵੀ ਪਹਿਲ ਕਰਨ ਤੋਂ ਸਰਕਾਰਾਂ ਝਿਜਕ ਰਹੀਆਂ ਹਨ। ਅੱਜ 114 ਬਲਾਕਾਂ ਦਾ ਪਾਣੀ ਬੇਹੱਦ ਡੂੰਘਾ ਹੋ ਰਿਹਾ ਹੈ ਤਾਂ ਅਸੀਂ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੇ ਹਾਂ। ਜੇ ਪੰਜਾਬ ਨੂੰ ਇਕ ਖੁਸ਼ਹਾਲ ਤੇ ਅਗਾਂਹਵਧੂ ਸੂਬਾ ਬਣਾਉਣਾ ਹੈ ਤਾਂ ਤੁਰੰਤ ਯਤਨ ਕਰਨੇ ਪੈਣਗੇ।
-ਰਵੀ ਕੁਮਾਰ
1817 ਗੋਬਿੰਦ ਨਗਰ, ਸੁਭਾਸ਼ ਰੋਡ,
ਛੇਹਰਟਾ (ਅੰਮ੍ਰਿਤਸਰ)