JALANDHAR WEATHER

ਲਾਪਤਾ ਫੋਟਗ੍ਰਾਫ਼ਰ ਨੌਜਵਾਨ ਦੀ ਮਿਲੀ ਲਾਸ਼

ਕਪੂਰਥਲਾ, 15 ਜਨਵਰੀ (ਅਮਨਜੋਤ ਸਿੰਘ ਵਾਲੀਆ)- ਲੋਹੜੀ ਦੀ ਰਾਤ ਤੋਂ ਲਾਪਤਾ ਫੋਟੋਗ੍ਰਾਫਰ ਨੌਜਵਾਨ ਦੀ ਸ਼ੇਖੂਪੁਰ ਨੇੜੇ ਭੇਦ ਭਰੇ ਹਾਲਾਤ ’ਚ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੀ ਪਛਾਣ ਟਿਕਸ਼ਿਤ ਵਾਸੀ ਨਿਊ ਮਾਲ ਟਾਊਨ ਸੁਲਤਾਨਪੁਰ ਲੋਧੀ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੇ ਭਰਾ ਅੰਮ੍ਰਿਤ ਨੇ ਦੱਸਿਆ ਕਿ ਉਸ ਦਾ ਭਰਾ 13 ਜਨਵਰੀ ਲੋਹੜੀ ਸੰਬੰਧੀ ਇਕ ਸਮਾਗਮ ਕਵਰ ਕਰਨ ਗਿਆ ਸੀ ਤੇ ਮੁੜ ਵਾਪਸ ਆ ਗਿਆ ਉਸ ਤੋਂ ਬਾਅਦ ਉਹ ਰਾਤ 10 ਵਜੇ ਦੇ ਕਰੀਬ ਮੋਟਰਸਾਈਕਲ ਤੇ ਘਰੋਂ ਚਲਾ ਗਿਆ ਪਰ ਰਾਤ ਘਰ ਵਾਪਸ ਨਹੀਂ ਆਇਆ। ਉਸ ਦਾ ਰਾਤ ਲਗਭਗ 12 ਵਜੇ ਮੋਬਾਈਲ ਫੋਨ ਵੀ ਬੰਦ ਆ ਰਿਹਾ ਸੀ। ਅੰਮ੍ਰਿਤ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੱਧਰ ’ਤੇ ਰਿਸ਼ਤੇਦਾਰਾਂ ਅਤੇ ਹੋਰ ਥਾਂ ਉਸ ਦੀ ਭਾਲ ਕੀਤੀ ਪਰ ਉਹ ਨਹੀਂ ਮਿਲਿਆ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਇਸ ਸੰਬੰਧੀ ਥਾਣਾ ਸੁਲਤਾਨਪੁਰ ਲੋਧੀ ਸਮੇਤ ਹੋਰ ਥਾਣਿਆਂ ’ਚ ਵੀ ਪੁਲਿਸ ਨੂੰ ਸੂਚਿਤ ਕੀਤਾ ਸੀ ਪਰ ਅੱਜ ਬੁੱਧਵਾਰ ਉਨ੍ਹਾਂ ਨੂੰ ਸ਼ੇਖੂਪੁਰ ਦੇ ਕੌਂਸਲਰ ਤੇ ਡਿਪਟੀ ਸੀਨੀਅਰ ਮੇਅਰ ਰਾਹੁਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਜ਼ਖ਼ਮੀ ਨੌਜਵਾਨ ਨੂੰ ਐਬੂਲੈਂਸ ਰਾਹੀਂ ਸਿਵਲ ਹਸਪਤਾਲ ਭੇਜਿਆ ਸੀ, ਜਿਸ ’ਤੇ ਉਹ ਅੱਜ ਸਿਵਲ ਹਸਪਤਾਲ ਮੌਕੇ ਤੇ ਪਹੁੰਚੇ ਤੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਪਈ ਇਕ ਅਣ-ਪਛਾਤੀ ਲਾਸ਼ ਦੀ ਸ਼ਨਾਖਤ ਆਪਣੇ ਭਰਾ ਟਿਕਸ਼ਿਤ ਵਜੋਂ ਕੀਤੀ ਹੈ। ਮ੍ਰਿਤਕ ਨੌਜਵਾਨ ਦੇ ਭਰਾ ਨੇ ਖਦਸ਼ਾ ਜ਼ਾਹਰ ਕੀਤਾ ਕਿ ਉਸ ਦੇ ਭਰਾ ਦਾ ਐਕਸੀਡੈਂਟ ਨਹੀਂ ਲੁੱਟ ਖੋਹ ਦੌਰਾਨ ਕਤਲ ਹੋਇਆ ਹੈ ਕਿਉਂਕਿ ਉਸ ਦਾ ਮੋਟਰਸਾਈਕਲ ਵੀ ਸੜਕ ਕਿਨਾਰੇ ਪਿਆ ਸੀ ਤੇ ਉਸ ਦਾ ਮੋਬਾਈਲ ਤੇ ਪੈਸੇ ਵੀ ਗਾਇਬ ਸਨ। ਥਾਣਾ ਸਿਟੀ ਕਪੂਰਥਲਾ ਦੇ ਐਸ. ਐਚ. ਓ. ਬਿਕਰਮਜੀਤ ਸਿੰਘ ਚੌਹਾਨ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਸਵੇਰੇ ਇਸ ਸੰਬੰਧੀ ਸੂਚਨਾ ਮਿਲੀ ਹੈ ਅਤੇ ਉਨ੍ਹਾਂ ਵਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੀ.ਸੀ.ਟੀ.ਵੀ. ਫੁਟੇਜ ਵੀ ਖੰਗਾਲੇ ਜਾ ਰਹੇ ਹਨ। ਇਸ ਤੋਂ ਇਲਾਵਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ