ਨਿਗਮ ਦੀ ਟੀਮ ਨੇ ਜਾਂਚ ਦੌਰਾਨ ਇਕ ਹੋਲ ਸੇਲਰ ਤੋਂ 4 ਕੁਇੰਟਲ ਸਿੰਗਲ ਯੂਜ਼ ਲਿਫਾਫੇ ਕੀਤੇ ਜ਼ਬਤ
ਕਪੂਰਥਲਾ, 8 ਜਨਵਰੀ (ਅਮਨਜੋਤ ਸਿੰਘ ਵਾਲੀਆ)-ਸ਼ਹਿਰ ਵਿਚ ਚਲਾਈ ਗਈ ਪਲਾਸਟਿਕ ਚੈਕਿੰਗ ਡਰਾਈਵ ਤਹਿਤ ਨਗਰ ਨਿਗਮ ਕਮਿਸ਼ਨਰ ਅਨੂਪਮ ਕਲੇਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ ਨਿਗਮ ਦੇ ਸਕੱਤਰ ਸੁਸ਼ਾਂਤ ਭਾਟੀਆ ਦੀ ਅਗਵਾਈ ਵਿਚ ਨਗਰ ਨਿਗਮ ਦੀ ਟੀਮ ਨੇ ਅੱਜ ਵੱਡੀ ਕਾਰਵਾਈ ਕਰਦੇ ਹੋਏ ਇਕ ਹੋਲ ਸੇਲਰ ਤੋਂ ਲਗਭਗ 4 ਕੁਇੰਟਲ ਸਿੰਗਲ ਯੂਜ਼ ਪਲਾਸਟਿਕ ਪੋਲੀਥਿਨ ਲਿਫਾਫੇ ਫੜਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਸੁਸ਼ਾਂਤ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿਚ ਨਗਰ ਨਿਗਮ ਦੀ ਟੀਮ ਵਲੋਂ ਅੱਜ ਅਮਨ ਨਗਰ ਨੇੜੇ ਪੁਲਿਸ ਲਾਈਨ ਕਾਂਜਲੀ ਰੋਡ 'ਤੇ ਇਕ ਹੋਲ ਸੇਲਰ ਦੀ ਜਾਂਚ ਕੀਤੀ ਤਾਂ ਜਾਂਚ ਦੌਰਾਨ ਉਸ ਪਾਸੋਂ ਲਗਭਗ 4 ਕੁਇੰਟਲ ਸਿੰਗਲ ਯੂਜ਼ ਪਲਾਸਟਿਕ ਪੋਲੀਥਿਨ ਲਿਫ਼ਾਫ਼ੇ ਜ਼ਬਤ ਕਰਕੇ ਉਸਦਾ ਮੌਕੇ 'ਤੇ ਚਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਕਮਿਸ਼ਨਰ ਵਲੋਂ ਸ਼ਹਿਰ ਵਾਸੀਆਂ ਨੂੰ ਤੇ ਵਪਾਰਕ ਅਦਾਰਿਆਂ ਨੂੰ ਪਹਿਲਾਂ ਹੀ ਅਪੀਲ ਕੀਤੀ ਗਈ ਸੀ ਕਿ ਸਿੰਗਲ ਯੂਜ਼ ਲਿਫ਼ਾਫ਼ਿਆਂ ਦੀ ਵਰਤੋਂ ਨਾ ਕੀਤੀ ਜਾਵੇ, ਇਸਦੀ ਥਾਂ ਜੂਟ ਦੇ ਬੈਗ ਜਾਂ ਕੱਪੜੇ ਦੇ ਥੈਲਿਆਂ ਦਾ ਇਸਤੇਮਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਜਾਂਚ ਇਸੇ ਤਰ੍ਹਾਂ ਜਾਰੀ ਰਹੇਗੀ ਜੇਕਰ ਕਿਸੇ ਕੋਲੋਂ ਸਿੰਗਲ ਯੂਜ਼ ਲਿਫ਼ਾਫ਼ਾ ਬਰਾਮਦ ਹੁੰਦਾ ਹੈ ਤਾਂ ਉਸ ਵਿਰੁੱਧ ਪੰਜਾਬ ਮਿਊਂਸੀਪਲ ਐਕਟ 1976 ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਰਵੀ, ਪੰਕਜ ਸ਼ਰਮਾ ਸੁਪਰਡੈਂਟ ਹੈਲਥ ਸ਼ਾਖਾ, ਰਵੀ ਕੁਮਾਰ ਸੈਂਟਰੀ ਇੰਸਪੈਕਟਰ, ਭਜਨ ਸਿੰਘ ਇੰਸਪੈਕਟਰ ਜਰਨਲ ਆਦਿ ਹਾਜ਼ਰ ਸਨ।