ਫ਼ਿਲਮ ਨਿਰਮਾਤਾ ਤੇ ਲੇਖਕ ਪ੍ਰਤੀਸ਼ ਨੰਦੀ ਦਾ ਦਿਹਾਂਤ
ਮੁੰਬਈ, 8 ਜਨਵਰੀ -ਉੱਘੇ ਫਿਲਮ ਨਿਰਮਾਤਾ ਅਤੇ ਲੇਖਕ ਪ੍ਰਤੀਸ਼ ਨੰਦੀ(73) ਦਾ ਅੱਜ ਦੱਖਣੀ ਮੁੰਬਈ ਸਥਿਤ ਰਿਹਾਇਸ਼ ’ਤੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪੁੱਤਰ ਅਤੇ ਫਿਲਮਸਾਜ਼ ਕੁਸ਼ਾਨ ਨੰਦੀ ਨੇ ਪਿਤਾ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ। ਅਦਾਕਾਰ ਅਨੁਪਮ ਖੇਰ ਨੇ ਇੰਸਟਾਗ੍ਰਾਮ ’ਤੇ ਖ਼ਬਰ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਦੋਸਤ ਦੇ ਦਿਹਾਂਤ ’ਤੇ ਸਦਮਾ ਪੁੱਜਾ ਹੈ। ਖੇਰ ਨੇ ਕਿਹਾ ਕਿ ਜਦੋਂ ਮੁੰਬਈ ’ਚ ਉਹ ਸੰਘਰਸ਼ ਕਰ ਰਹੇ ਸਨ ਤਾਂ ਪ੍ਰਤੀਸ਼ ਨੰਦੀ ਨੇ ਹੀ ਉਨ੍ਹਾਂ ਨੂੰ ਹੌਸਲਾ ਅਤੇ ਸਹਾਰਾ ਦਿੱਤਾ ਸੀ। ਰਾਜ ਸਭਾ ਮੈਂਬਰ ਰਹੇ ਪ੍ਰਤੀਸ਼ ਨੰਦੀ ਮੀਡੀਆ ਅਤੇ ਟੀਵੀ ਹਸਤੀ ਦੇ ਨਾਲ ਨਾਲ ਫਿਲਮਸਾਜ਼ ਅਤੇ ਜਾਨਵਰਾਂ ਦੇ ਹੱਕਾਂ ਬਾਰੇ ਕਾਰਕੁਨ ਵੀ ਸਨ।