ਪ੍ਰਸਿੱਧ ਪੰਜਾਬੀ ਗੀਤਕਾਰ ਤੇ ਸ਼ਾਇਰ ਹਰਮਨਜੀਤ ਸਿੰਘ ਨੂੰ ਫਿਰੌਤੀ ਲਈ ਧਮਕੀ
ਮਾਨਸਾ, 25 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਪੁਲਿਸ ਨੇ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਤੇ ਸ਼ਾਇਰ ਹਰਮਨਜੀਤ ਸਿੰਘ ਵਾਸੀ ਖਿਆਲਾ ਨੂੰ ਫਿਰੌਤੀ ਲਈ ਧਮਕੀ ਦੇਣ ਦੇ ਦੋਸ਼ ’ਚ ਉਸ ਦੇ ਸਾਥੀ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਚਰਚਿਤ ਕਾਵਿ ਪੁਸਤਕ ‘ਰਾਣੀ ਤੱਤ’ ਦੇ ਲੇਖਕ ਹਰਮਨਜੀਤ ‘ਵੇ ਤੂੰ ਲੌਂਗ ਮੈਂ ਲਾਚੀ’ ਗੀਤ ਨਾਲ ਮਸ਼ਹੂਰ ਹੋਇਆ ਸੀ ਅਤੇ ਉਸ ਦੇ ਦਰਜਨਾਂ ਗੀਤ ਪੰਜਾਬੀ ਦੇ ਵੱਡੇ ਗਾਇਕ ਗਾ ਚੁੱਕੇ ਹਨ। ਪਿਛਲੇ ਦਿਨੀਂ ਹਰਮਨਜੀਤ ਦੇ ਘਰ ਇਕ ਪੱਤਰ ਭੇਜਿਆ ਗਿਆ, ਜਿਸ ਵਿਚ 5 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ ਅਤੇ ਨਾ ਦੇਣ ਦੀ ਸੂਰਤ ਵਿਚ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਡੀ. ਐਸ. ਪੀ. ਮਾਨਸਾ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਗੀਤਕਾਰ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕਰਕੇ ਅਧਿਆਪਕ ਜਗਸੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਬਿਲੇ ਗੌਰ ਰਹੇ ਕਿ ਗੀਤਕਾਰ ਹਰਮਨਜੀਤ ਸਰਕਾਰੀ ਪ੍ਰਾਇਮਰੀ ਸਕੂਲ ਕੋਟਲੱਲੂ ਵਿਖੇ ਅਧਿਆਪਕ ਹਨ ਅਤੇ ਗ੍ਰਿਫ਼ਤਾਰ ਕੀਤਾ ਜਗਸੀਰ ਸਿੰਘ ਵੀ ਉਸੇ ਸਕੂਲ ਵਿਚ ਪੜ੍ਹਾਉਂਦਾ ਹੈ।