ਯੂ. ਪੀ. : 3 ਖ਼ਾਲਿਸਤਾਨੀ ਅੱਤਵਾਦੀ ਐਨਕਾਊਂਟਰ ’ਚ ਢੇਰ
ਲਖਨਊ, 23 ਦਸੰਬਰ- ਯੂ.ਪੀ. ਦੇ ਪੀਲੀਭੀਤ ਵਿਚ ਇਕ ਮੁਕਾਬਲੇ ਵਿਚ 3 ਖਾਲਿਸਤਾਨੀ ਅੱਤਵਾਦੀ ਮਾਰੇ ਗਏ। ਐਸ.ਟੀ.ਐਫ਼. ਅਤੇ ਪੰਜਾਬ ਪੁਲਿਸ ਵਲੋਂ ਅੱਜ ਤੜਕੇ ਇਕ ਸਾਂਝੇ ਅਭਿਆਨ ਵਿਚ ਇਹ ਕਾਰਵਾਈ ਕੀਤੀ। ਮਾਰੇ ਗਏ ਸਾਰੇ ਅੱਤਵਾਦੀ ਖਾਲਿਸਤਾਨੀ ਕਮਾਂਡੋ ਫੋਰਸ ਦੇ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਉਨ੍ਹਾਂ ਨੇ ਗੁਰਦਾਸਪੁਰ ਜ਼ਿਲ੍ਹੇ ’ਚ ਇਕ ਪੁਲਿਸ ਚੌਕੀ ’ਤੇ ਗ੍ਰਨੇਡ ਨਾਲ ਹਮਲਾ ਕੀਤਾ ਸੀ। ਮਾਰੇ ਗਏ ਅੱਤਵਾਦੀਆਂ ਕੋਲੋਂ ਦੋ ਏ.ਕੇ.-47 ਰਾਈਫਲਾਂ, ਦੋ ਗਲੋਕ ਪਿਸਤੌਲ ਅਤੇ ਵੱਡੀ ਮਾਤਰਾ ਵਿਚ ਕਾਰਤੂਸ ਬਰਾਮਦ ਹੋਏ ਹਨ। ਇਹ ਮੁਕਾਬਲਾ ਪੀਲੀਭੀਤ ਦੇ ਪੂਰਨਪੁਰ ਕੋਤਵਾਲੀ ਇਲਾਕੇ ’ਚ ਹੋਇਆ। ਮਾਰੇ ਗਏ ਅੱਤਵਾਦੀ ਗੁਰਦਾਸਪੁਰ ਨਿਵਾਸੀ ਗੁਰਵਿੰਦਰ ਸਿੰਘ, ਵਰਿੰਦਰ ਸਿੰਘ ਉਰਫ ਰਵੀ ਅਤੇ ਜਸਪ੍ਰੀਤ ਸਿੰਘ ਉਰਫ਼ਪ੍ਰਤਾਪ ਸਿੰਘ ਹਨ। ਮੁਕਾਬਲੇ ਵਿਚ ਗੋਲੀ ਲੱਗਣ ਤੋਂ ਬਾਅਦ ਸਾਰੇ ਜ਼ਖ਼ਮੀਆਂ ਨੂੰ ਪੂਰਨਪੁਰ ਸੀ.ਐਚ.ਸੀ. ਲਿਆਂਦਾ ਗਿਆ। ਉਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ।