ਐਡਵੋਕੇਟ ਧਾਮੀ ਵੱਲੋਂ ਵੱਡੇ ਸਾਹਿਜ਼ਾਦਿਆਂ ਤੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ
ਅੰਮ੍ਰਿਤਸਰ, 22 ਦਸੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਅਤੇ ਸ੍ਰੀ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾ 'ਤੇ ਸਤਿਕਾਰ ਭੇਟ ਕੀਤਾ ਹੈ। ਜਾਰੀ ਇਕ ਬਿਆਨ ਵਿਚ ਐਡਵੋਕੇਟ ਧਾਮੀ ਨੇ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਧਰਮ ਪ੍ਰਤੀ ਦ੍ਰਿੜ੍ਹਤਾ, ਉਨ੍ਹਾਂ ਦੀ ਹੱਕ ਸੱਚ ਨਾਲ ਖੜ੍ਹਣ ਦੀ ਵਚਨਬੱਧਤਾ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦੇ ਸਿੱਖ ਧਰਮ ਦੇ ਉਹ ਮਾਰਗਦਰਸ਼ਕ ਹਨ, ਜਿਨ੍ਹਾਂ ਨੇ ਛੋਟੀ ਉਮਰਾਂ ਵਿਚ ਵੱਡੇ ਪੂਰਨੇ ਪਾਏ। ਸਿੱਖ ਇਤਿਹਾਸ ਦਾ ਇਹ ਪੰਨਾ ਜਿਥੇ ਪੂਰੀ ਕੌਮ ਲਈ ਪ੍ਰੇਰਣਾਦਾਇਕ ਹੈ ਉਥੇ ਹੀ ਖ਼ਾਸ ਤੌਰ 'ਤੇ ਸਿੱਖ ਨੌਜਵਾਨੀ ਲਈ ਸਿੱਖ ਚੇਤਨਾ ਦਾ ਇਕ ਅਮਲ ਵੀ ਹੈ, ਜਿਸ ਦੀ ਰੋਸ਼ਨੀ ਵਿਚ ਕੌਮ ਦੀਆਂ ਭਵਿੱਖੀ ਤਰਜੀਹਾਂ ਨਿਰਧਾਰਤ ਕਰਨ ਦੇ ਨਾਲ-ਨਾਲ ਚੜ੍ਹਦੀ ਕਲਾ ਲਈ ਸੰਕਲਪ ਕਰਨਾ ਚਾਹੀਦਾ ਹੈ।