ਨਗਰ ਕੌਂਸਲ ਅਮਲੋਹ ਦੀਆਂ ਚੋਣਾ ਲਈ 11534 ਵੋਟਰ ਕਰਨਗੇ ਆਪਣੀ ਵੋਟ ਦਾ ਇਸਤੇਮਾਲ - ਐਸ.ਡੀ.ਐਮ. ਮਨਜੀਤ ਰਾਜਲਾ
ਅਮਲੋਹ, 20 ਦਸੰਬਰ (ਕੇਵਲ ਸਿੰਘ) - 21 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਅਮਲੋਹ ਦੀਆਂ ਚੋਣਾਂ ਸੰਬੰਧੀ ਰਿਟਰਨਿੰਗ ਅਫ਼ਸਰ ਐਸ.ਡੀ.ਐਮ. ਮਨਜੀਤ ਸਿੰਘ ਰਾਜਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਲੋਹ ਸ਼ਹਿਰ ਦੇ 13 ਵਾਰਡਾਂ ਅਤੇ ਮੰਡੀ ਗੋਬਿੰਦਗੜ੍ਹ ਸ਼ਹਿਰ ਦੇ 26 ਨੰਬਰ ਵਾਰਡ ਦੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ, ਜਿਸ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹਨ। ਅਮਲੋਹ ਸ਼ਹਿਰ ਲਈ 13 ਪੋਲਿੰਗ ਬੂਥ ਬਣਾਏ ਗਏ ਹਨ ਅਤੇ ਮੰਡੀ ਗੋਬਿੰਦਗੜ੍ਹ ਦੀ ਜ਼ਿਮਨੀ ਚੋਣ ਲਈ ਦੋ ਪੋਲਿੰਗ ਬੂਥ ਬਣਾਏ ਗਏ ਹਨ ਅਤੇ ਟੀਮਾਂ ਨੂੰ ਚੋਣ ਅਮਲੇ ਸਮੇਤ ਰਵਾਨਾ ਕਰ ਦਿੱਤਾ ਗਿਆ ਹੈ।ਉਨ੍ਹਾਂ ਅੱਗੇ ਕਿਹਾ ਕਿ ਨਗਰ ਕੌਂਸਲ ਅਮਲੋਹ ਚੋਣਾ ਲਈ 11534 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਉਥੇ ਹੀ ਮੰਡੀ ਗੋਬਿੰਦਗੜ੍ਹ ਦੇ 26 ਨੰਬਰ ਵਾਰਡ ਤੋਂ 1768 ਵੋਟਰ ਹਨ। ਉਨ੍ਹਾਂ ਅੱਗੇ ਦੱਸਿਆ ਕਿ ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੈ ਅਤੇ ਨਤੀਜਾ ਵੀ ਉਸੇ ਦਿਨ ਐਲਾਨਿਆ ਜਾਵੇਗਾ।