ਭਾਰਤੀ ਹਵਾਈ ਸੈਨਾ ਨੇ ਨੀਮ ਫੌਜੀ ਬਲਾਂ ਦੇ 12 ਜਵਾਨਾਂ ਨੂੰ ਬਚਾਇਆ
ਗੰਗਟੋਕ ,20 ਦਸੰਬਰ - ਭਾਰਤੀ ਹਵਾਈ ਸੈਨਾ ਨੇ ਅੱਜ ਸਿੱਕਮ ਸੈਕਟਰ ਵਿਚ ਜੁਲੁਕ ਨਾਮਕ ਸਥਾਨ ਦੇ ਨੇੜੇ ਇਕ ਵਾਹਨ ਹਾਦਸੇ ਵਿਚ ਜ਼ਖ਼ਮੀ ਹੋਏ ਨੀਮ ਫੌਜੀ ਬਲਾਂ ਦੇ 12 ਜਵਾਨਾਂ ਨੂੰ ਕੱਢਣ ਲਈ ਤੇਜ਼ੀ ਨਾਲ ਬਚਾਅ ਕਾਰਜ ਕੀਤੇ। ਈਸਟਰਨ ਏਅਰ ਕਮਾਂਡ ਨੇ ਨੀਮ ਫੌਜੀ ਬਲਾਂ ਦੇ ਜਵਾਨਾਂ ਨੂੰ ਬਚਾਉਣ ਅਤੇ ਬਾਗਡੋਗਰਾ ਨੇੜੇ ਬੇਂਗਡੂਬੀ ਦੇ ਇਕ ਮਿਲਟਰੀ ਹਸਪਤਾਲ ਵਿਚ ਲਿਜਾਣ ਲਈ ਆਪਣੇ ਚੀਤਾ ਹੈਲੀਕਾਪਟਰ ਜੁਲੁਕ ਹੈਲੀਪੈਡ ਅਤੇ ਗੰਗਟੋਕ ਵਿਚ ਐਮਆਈ-17 ਹੈਲੀਕਾਪਟਰ ਤਾਇਨਾਤ ਕੀਤੇ। ਬਾਹਰ ਕੱਢੇ ਗਏ ਸਾਰੇ 12 ਵਿਅਕਤੀ ਹੁਣ ਖ਼ਤਰੇ ਤੋਂ ਬਾਹਰ ਹਨ। ਜੁਲੁਕ ਵਿਖੇ ਹੈਲੀਪੈਡ ਬਹੁਤ ਛੋਟਾ ਹੈ ਅਤੇ ਲਗਭਗ 12,000 ਫੁੱਟ ਦੀ ਉਚਾਈ 'ਤੇ ਹੈ ।