ਪਿੰਡ ਬ੍ਰਹਮਪੁਰਾ ਵਿਖੇ ਮ੍ਰਿਤਕ ਹਾਲਤ ਵਿਚ ਮਿਲਿਆ ਨਵ ਜੰਮਿਆ ਬੱਚਾ
ਚੋਹਲਾ ਸਾਹਿਬ, (ਤਰਨਤਾਰਨ), 20 ਦਸੰਬਰ (ਬਲਵਿੰਦਰ ਸਿੰਘ)- ਅੱਜ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਬ੍ਰਹਮਪੁਰ ਵਿਖੇ ਕੁੱਤਿਆਂ ਵਲੋਂ ਬੁਰੀ ਤਰ੍ਹਾਂ ਨਿਗਲੀ ਨਵ ਜੰਮੇ ਬੱਚੇ ਦੀ ਲਾਸ਼ ਮਿਲੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ, ਪਿੰਡ ਬ੍ਰਹਮਪੁਰ ਦੇ ਕਿਸਾਨ ਹਰਜੀਤ ਸਿੰਘ ਨੇ ਦੱਸਿਆ ਕਿ ਅੱਜ ਲੱਗਭਗ ਦੁਪਹਿਰ 2 ਵਜੇ ਦੇ ਕਰੀਬ ਉਹ ਆਪਣੇ ਖੇਤਾਂ ਨੂੰ ਜਾ ਰਿਹਾ ਜੀ ਅਤੇ ਜਦ ਉਹ ਪਿੰਡ ਵਿਚ ਸਥਿਤ ਦਾਣਾ ਮੰਡੀ ਦੇ ਨਜ਼ਦੀਕ ਪੁੱਜਾ ਤਾਂ ਉਸ ਨੇ ਵੇਖਿਆ ਕਿ ਮੰਡੀ ਦੀ ਕੰਧ ਦੇ ਨਜ਼ਦੀਕ ਕੁੱਤੇ ਕਿਸੇ ਚੀਜ਼ ਨੂੰ ਨਿਗਲ ਰਹੇ ਸਨ। ਹਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਸਮਝਿਆ ਕਿ ਇਹ ਕਿਸੇ ਜਾਨਵਰ ਨੂੰ ਖਾ ਰਹੇ ਹਨ ਤੇ ਜਦ ਉਹ ਆਪਣੇ ਖੇਤਾਂ ਤੋਂ ਵਾਪਸ ਮੁੜਿਆ ਤਾਂ ਦੇਖਿਆ ਕਿ ਉਸ ਥਾਂ ’ਤੇ ਬਹੁਤ ਸਾਰੇ ਲੋਕ ਇਕੱਠੇ ਹੋਏ ਸਨ ਜਦ ਉਸ ਨੇ ਨਜ਼ਦੀਕ ਜਾ ਕੇ ਵੇਖਿਆ ਤਾਂ ਉਥੇ ਨਵ ਜੰਮੇ ਬੱਚੇ (ਲੜਕੇ) ਦੀ ਗਲੀ ਸੜੀ ਲਾਸ਼ ਪਈ ਹੋਈ ਸੀ, ਜਿਸ ਦਾ ਸਿਰ ਕੁੱਤਿਆਂ ਵਲੋਂ ਨਿਗਲ ਕੇ ਧੜ ਨਾਲੋਂ ਅਲੱਗ ਕੀਤਾ ਪਿਆ ਸੀ ਅਤੇ ਬੱਚੇ ਦੀ ਮ੍ਰਿਤਕ ਦੇਹ ਦੇ ਲਾਗੇ ਕਿਸੇ ਔਰਤ ਦੇ ਕੱਪੜੇ ਵੀ ਪਏ ਹੋਏ ਸਨ। ਉਸ ਨੇ ਅਤੇ ਪਿੰਡ ਵਾਸੀਆਂ ਨੇ ਜਲਦੀ ਹੀ ਇਸ ਸੰਬੰਧੀ ਪਿੰਡ ਦੀ ਪੰਚਾਇਤ ਅਤੇ ਹੋਰਨਾਂ ਲੋਕਾਂ ਨੂੰ ਇਕੱਠਿਆਂ ਕੀਤਾ ਤੇ ਅਤੇ ਸਾਰੀ ਘਟਨਾ ਸੰਬੰਧੀ ਪੁਲਿਸ ਥਾਣਾ ਚੋਹਲਾ ਸਾਹਿਬ ਨੂੰ ਸੂਚਿਤ ਕਰ ਦਿੱਤਾ। ਘਟਨਾ ਦਾ ਪਤਾ ਚੱਲਦਿਆਂ ਪੁਲਿਸ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਮੌਕੇ ’ਤੇ ਪੁੱਜ ਗਈ ਅਤੇ ਬੱਚੇ ਦੀ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।