ਜ਼ਿਲ੍ਹਾ ਮੈਜਿਸਟਰੇਟ ਵਲੋਂ ਨਗਰ ਕੌਂਸਲ/ਨਗਰ ਪੰਚਾਇਤ ਚੋਣਾਂ ਦੇ ਮੱਦੇਨਜ਼ਰ 21 ਦਸੰਬਰ ਨੂੰ ਡਰਾਈ ਡੇਅ ਦਾ ਐਲਾਨ
ਸੰਗਰੂਰ, 19 ਦਸੰਬਰ (ਧੀਰਜ ਪਸ਼ੋਰੀਆ)-ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਸੰਦੀਪ ਰਿਸ਼ੀ ਨੇ ਰਾਜ ਚੋਣ ਕਮਿਸ਼ਨ ਪੰਜਾਬ ਤੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਸੰਗਰੂਰ ਦੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀ ਹਦੂਦ ਅੰਦਰ 21 ਦਸੰਬਰ 2024 ਨੂੰ ਡਰਾਈ ਡੇਅ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੀਆਂ ਜਿਹੜੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿਚ ਸ਼ਨੀਵਾਰ ਨੂੰ ਚੋਣਾਂ ਹੋਣ ਜਾ ਰਹੀਆਂ ਹਨ, ਉਨ੍ਹਾਂ ਦੀ ਹਦੂਦ ਅੰਦਰ ਹੀ ਸ਼ਰਾਬ ਦੇ ਠੇਕੇ ਬੰਦ ਕਰਨ ਅਤੇ ਵਿਅਕਤੀਆਂ ਦੁਆਰਾ ਸ਼ਰਾਬ ਸਟੋਰ ਕਰਨ ‘ਤੇ 21 ਦਸੰਬਰ ਦੇ ਦਿਨ ਪੂਰਨ ਤੌਰ ‘ਤੇ ਰੋਕ ਲਗਾਈ ਗਈ ਹੈ। ਉਨ੍ਹਾਂ ਸ਼ਰਾਬ ਪਿਲਾਉਣ ਵਾਲੇ ਹੋਟਲਾਂ, ਰੈਸਟੋਰੈਂਟਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ, ਜਿਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਇਜਾਜ਼ਤ ਹੈ, ‘ਤੇ ਵੀ 21 ਦਸੰਬਰ ਨੂੰ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।