ਹੰਸ ਰਾਜ ਹੰਸ ਨੂੰ ਇੰਗਲੈਂਡ ਦੀ ਪਾਰਲੀਮੈਂਟ ਵਿਚ ਕੀਤਾ ਗਿਆ ਸਨਮਾਨਿਤ
ਲੰਡਨ, 19 ਦਸੰਬਰ- ਪੰਜਾਬ ਦੇ ਰਾਜ ਗਾਇਕ ਪਦਮ ਸ੍ਰੀ ਹੰਸ ਰਾਜ ਹੰਸ ਇਨ੍ਹੀਂ ਦਿਨੀਂ ਇੰਗਲੈਂਡ ਦੇ ਦੌਰੇ ’ਤੇ ਹਨ ਅਤੇ ਸੰਗੀਤ ਦੀ ਦੁਨੀਆ ’ਚ ਪਾਏ ਸ਼ਾਨਦਾਰ ਯੋਗਦਾਨ ਲਈ ਇੰਗਲੈਂਡ ਦੇ ਲੰਡਨ ਸਥਿਤ ਪਾਰਲੀਮੈਂਟ ਹਾਊਸ ਆਫ਼ ਲਾਰਡਜ਼ ਦੇ ਐਟਲੀ ਰੂਮ ’ਚ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਦੀ ਮੇਜ਼ਬਾਨੀ ਲਾਰਡ ਰਾਮੀ ਰੇਂਜਰ ਅਤੇ ਸਮਾਰਾ ਈਵੈਂਟਸ ਯੂ.ਕੇ ਨੇ ਕੀਤੀ। ਇੰਨਾ ਹੀ ਨਹੀਂ, ਹੰਸ ਰਾਜ ਹੰਸ ਏਸ਼ੀਆ ਅਤੇ ਸੰਗੀਤ ਜਗਤ ਦੇ ਪਹਿਲੇ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੂੰ ਯੂ.ਕੇ. ਦੀ ਸੰਸਦ ਵਿਚ ਸਨਮਾਨਿਤ ਕੀਤਾ ਗਿਆ ਹੋਵੇ। ਇਸ ਮੌਕੇ ਉਨ੍ਹਾਂ ਨੂੰ ਸਕਾਰਫ਼ ਵੀ ਦਿੱਤਾ ਗਿਆ। ਹੰਸ ਰਾਜ ਹੰਸ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਲੰਡਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਸ਼ਹਿਰ ਬਹੁਤ ਪਸੰਦ ਹੈ ਅਤੇ ਉਹ ਇਸ ਨੂੰ ਘਰ ਵਾਂਗ ਸਮਝਦੇ ਹਨ।