ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹੋਏ ਬੇਹੋਸ਼
ਖਨੌਰੀ, 19 ਦਸੰਬਰ (ਬਲਵਿੰਦਰ ਸਿੰਘ ਥਿੰਦ)- ਖਨੌਰੀ ਸਰਹੱਦ ’ਤੇ ਕਿਸਾਨੀ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਪਿਛਲੇ 24 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅੱਜ ਆਪਣੇ ਟਰਾਲੀ ਵਾਲੇ ਕੈਬਿਨ ਵਿਚ ਬੇਹੋਸ਼ ਹੋ ਕੇ ਡਿੱਗ ਪਏ, ਜਿਸ ਦੌਰਾਨ ਖਨੌਰੀ ਬਾਰਡਰ ’ਤੇ ਇਕ ਵਾਰ ਅਫਰਾ ਤਫਰੀ ਵਾਲਾ ਮਾਹੌਲ ਬਣ ਗਿਆ ਸੀ। ਦੱਸਣਯੋਗ ਹੈ ਕਿ ਅੱਜ ਦੁਪਹਿਰ ਵੇਲੇ ਜਦੋਂ ਵਲੰਟੀਅਰ ਅਤੇ ਡਾਕਟਰਾਂ ਦੀ ਟੀਮ ਜਗਜੀਤ ਸਿੰਘ ਡੱਲੇਵਾਲ ਨੂੰ ਉਨ੍ਹਾਂ ਦੇ ਹੱਥ ਮੂੰਹ ਧੋਣ ਲਈ ਉਨ੍ਹਾਂ ਦੀ ਟਰਾਲੀ ਵਿਚੋਂ ਹੇਠਾਂ ਲੈ ਕੇ ਆਏ ਤਾਂ ਹੇਠਾਂ ਉੱਤਰਦਿਆਂ ਸਾਰ ਡੱਲੇਵਾਲ ਨੂੰ ਪਹਿਲਾਂ ਉਲਟੀ ਆਈ ਅਤੇ ਫਿਰ ਉਹ ਬੇਹੋਸ਼ ਹੋ ਕੇ ਡਿੱਗ ਪਏ। ਕਰੀਬ 15-20 ਮਿੰਟ ਬੇਹੋਸ਼ ਰਹਿਣ ਤੋਂ ਬਾਅਦ ਡਾਕਟਰਾਂ ਦੀ ਟੀਮ ਵਲੋਂ ਅਣਥੱਕ ਮਿਹਨਤ ਕਰਦਿਆਂ ਹੋਇਆਂ ਉਨਾਂ ਨੂੰ ਹੋਸ਼ ਵਿਚ ਲਿਆਂਦਾ ਗਿਆ।