ਮਾਨਸਾ ਦੇ ਹਰਵਿੰਦਰ ਸਿੰਘ ਤੇ ਮਨਿੰਦਰ ਕੌਰ ਦੀ ਵੀ ਜੌਰਜੀਆ ਗੈਸ ਹਾਦਸੇ ’ਚ ਮੌਤ
ਮਾਨਸਾ/ਸਰਦੂਲਗੜ੍ਹ, 17 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ/ਜੀ.ਐਮ.ਅਰੋੜਾ)-ਮਾਨਸਾ ਜ਼ਿਲ੍ਹੇ ਦੇ ਪਿੰਡ ਖੋਖਰ ਖ਼ੁਰਦ ਦੇ ਹਰਵਿੰਦਰ ਸਿੰਘ (27) ਅਤੇ ਝੰਡਾ ਕਲਾਂ ਦੀ ਜੰਮਪਲ ਮਨਿੰਦਰ ਕੌਰ (30) ਦੀ ਵੀ ਜੌਰਜੀਆ ਗੈਸ ਹਾਦਸੇ ’ਚ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਲੰਘੇ ਦਿਨ ਜੌਰਜੀਆ ਦੇ ਪਹਾੜੀ ਇਲਾਕੇ ਗੁਦੌਰੀ ਦੇ ਰੈਸਟਰਾਂ ’ਚ ਜ਼ਹਿਰੀਲੀ ਗੈਸ ਚੜ੍ਹਨ ਨਾਲ 12 ਨੌਜਵਾਨ ਮੌਤ ਦੇ ਮੂੰਹ ਵਿਚ ਚਲੇ ਗਏ ਜਿਨ੍ਹਾਂ ’ਚ 11 ਭਾਰਤੀ ਸਨ। ਹਰਵਿੰਦਰ ਸਿੰਘ ਖੋਖਰ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ 3 ਮਹੀਨੇ ਪਹਿਲਾਂ ਉਕਤ ਦੇਸ਼ ’ਚ ਗਿਆ ਸੀ। ਪਿੰਡ ਝੰਡਾ ਕਲਾਂ ’ਚ ਵੀ ਸੋਗ ਦੀ ਲਹਿਰ ਫੈਲੀ ਹੋਈ ਹੈ। ਮ੍ਰਿਤਕਾ ਦੇ ਪਿਤਾ ਜਗਤਾਰ ਸਿੰਘ ਅਨੁਸਾਰ ਪੁੱਤਰੀ ਮਨਿੰਦਰ ਕੌਰ 6 ਸਾਲ ਪਹਿਲਾਂ ਜੌਰਜੀਆ ਵਿਖੇ ਗਈ ਸੀ। ਦੋਵੇਂ ਪਰਿਵਾਰਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇਹ ਨੂੰ ਪਿੰਡ ਲਿਆਉਣ ਦੇ ਨਾਲ ਹੀ ਪਰਿਵਾਰਾਂ ਸਿਰ ਚੜ੍ਹੇ ਕਰਜ਼ੇ ’ਤੇ ਲੀਕ ਮਾਰੀ ਜਾਵੇ।