ਛੇਹਰਟਾ ਖੇਤਰ ਦੀਆਂ ਸਾਰੀਆਂ ਵਾਰਡਾਂ 'ਤੇ ਭਾਜਪਾ ਵੱਡੀ ਜਿੱਤ ਦਰਜ ਕਰੇਗੀ- ਸੁਭਾਸ਼ ਸ਼ਰਮਾ
ਛੇਹਰਟਾ (ਅੰਮ੍ਰਿਤਸਰ), 17 ਦਸੰਬਰ (ਪੱਤਰ ਪ੍ਰੇਰਕ)-ਭਾਜਪਾ ਦੇ ਸੂਬਾ ਉਪ ਪ੍ਰਧਾਨ ਸੁਭਾਸ਼ ਸ਼ਰਮਾ ਨੇ ਛੇਹਰਟਾ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਘਰ ਤੱਕ ਸ਼ੁੱਧ ਪਾਣੀ ਪਹੁੰਚਾਉਣ ਲਈ ਜਲ ਸ਼ਕਤੀ ਮੰਤਰਾਲਾ ਬਣਾ ਕੇ ਲਗਾਤਾਰ ਵਿਕਾਸ ਨੂੰ ਪਹਿਲ ਦੇ ਰਹੇ ਹਨ, ਉਥੇ ਹੀ ਛੇਹਰਟਾ ਵਾਸੀ ਸਾਫ਼ ਪਾਣੀ ਪੀਣ ਦੀ ਬਜਾਏ ਸੀਵਰੇਜ ਦਾ ਰਲਿਆ ਪਾਣੀ ਪੀਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਸੜਕਾਂ 'ਤੇ ਕੂੜੇ ਦੇ ਢੇਰ ਲੱਗੇ ਹੋਏ ਹਨ,ਸੀਵਰੇਜ ਸਿਸਟਮ ਠੱਪ ਹੋ ਕੇ ਰਹਿ ਗਿਆ ਹੈ ਤੇ ਇਲਾਕੇ ਦੀਆਂ ਸਾਰੀਆਂ ਗਲੀਆਂ ਟੁੱਟੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਛੇਹਰਟਾ ਖੇਤਰ ਦੀਆਂ ਪੰਜ ਵਾਰਡਾਂ ਉੱਤੇ ਭਾਰਤੀ ਜਨਤਾ ਪਾਰਟੀ ਵੱਡੀ ਜਿੱਤ ਦਰਜ ਕਰੇਗੀ ਤੇ ਅੰਮ੍ਰਿਤਸਰ ਵਿਚ ਨਗਰ ਨਿਗਮ ਦਾ ਮੇਅਰ ਭਾਜਪਾ ਦਾ ਬਣੇਗਾ। ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਨਗਰ ਨਿਗਮ ਚੋਣਾਂ ਤੋਂ ਬਾਅਦ ਸੀਨੀਅਰ ਲੀਡਰਸ਼ਿਪ ਦੇ ਸਹਿਯੋਗ ਨਾਲ ਕੇਂਦਰੀ ਮੰਤਰੀ ਨਾਲ ਗੱਲਬਾਤ ਕਰਕੇ ਕੇਂਦਰ ਸਰਕਾਰ ਪਾਸੋਂ ਹਲਕਾ ਪੱਛਮੀ ਦੇ ਇਲਾਕਾ ਨਿਵਾਸੀਆਂ ਵਾਸਤੇ ਸਪੈਸ਼ਲ ਪੈਕਜ ਲਿਆਂਦਾ ਜਾਵੇਗਾ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਸਾਫ ਸੁਥਰਾ ਪਾਣੀ ਪੀਣ ਵਾਲਾ ਮਿਲ ਸਕੇ ਤੇ ਉਨ੍ਹਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ। ਇਸ ਮੌਕੇ ਅਵਿਨਾਸ਼ ਸ਼ੈਲਾ, ਕੌਂਸਲਰ ਉਮੀਦਵਾਰ ਅਰਵਿੰਦ ਸ਼ਰਮਾ, ਅਸ਼ਵਨੀ ਬਾਵਾ, ਜੋਗਿੰਦਰ ਅਟਵਾਲ, ਸਤੀਸ਼ ਪੁੰਜ, ਰਮਨ ਕੁਮਾਰ ਛੇਹਰਟਾ ਆਦਿ ਹਾਜ਼ਰ ਸਨ।