ਅੱਜ ਲੋਕ ਸਭਾ ’ਚ ਪੇਸ਼ ਹੋਵੇਗਾ ਇਕ ਦੇਸ਼ ਇਕ ਚੋਣ ਨਾਲ ਸੰਬੰਧਿਤ ਬਿੱਲ
ਨਵੀਂ ਦਿੱਲੀ, 17 ਦਸੰਬਰ- ਸੰਸਦ ਦੇ ਸਰਦ ਰੁੱਤ ਇਜਲਾਸ ਦੇ ਅੱਜ 17ਵੇਂ ਦਿਨ ਸਰਕਾਰ ਲੋਕ ਸਭਾ ਵਿਚ ਇਕ ਦੇਸ਼, ਇਕ ਚੋਣ ਨਾਲ ਸੰਬੰਧਿਤ ਦੋ ਬਿੱਲ ਪੇਸ਼ ਕਰੇਗੀ। ਦੋਵਾਂ ਬਿੱਲਾਂ ਨੂੰ ਕੇਂਦਰੀ ਮੰਤਰੀ ਮੰਡਲ ਨੇ 12 ਦਸੰਬਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਸਭ ਤੋਂ ਪਹਿਲਾਂ ਇਕ ਰਾਸ਼ਟਰ, ਇਕ ਚੋਣ ਲਈ 129ਵਾਂ ਸੰਵਿਧਾਨ ਸੋਧ ਬਿੱਲ ਪੇਸ਼ ਕਰਨਗੇ। ਦੂਜਾ ਬਿੱਲ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਿਤ ਤਿੰਨ ਕਾਨੂੰਨਾਂ ਵਿਚ ਸੋਧ ਕਰਨ ਦਾ ਹੈ। ਇਸ ਬਿੱਲ ਵਿਚ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਸਰਕਾਰ ਐਕਟ-1963, ਦਿੱਲੀ ਦੀ ਰਾਸ਼ਟਰੀ ਰਾਜਧਾਨੀ ਖੇਤਰ ਦੀ ਸਰਕਾਰ-1991 ਅਤੇ ਜੰਮੂ ਅਤੇ ਕਸ਼ਮੀਰ ਪੁਨਰਗਠਨ ਐਕਟ-2019 ਸ਼ਾਮਿਲ ਹਨ। ਇਸ ਰਾਹੀਂ ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਦੇਣ ਲਈ ਸੋਧਾਂ ਵੀ ਕੀਤੀਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ ਦੂਜੇ ਦਿਨ ਵੀ ਰਾਜ ਸਭਾ ’ਚ ਸੰਵਿਧਾਨ ’ਤੇ ਵਿਸ਼ੇਸ਼ ਚਰਚਾ ਜਾਰੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ ਨੂੰ ਚਰਚਾ ਦਾ ਜਵਾਬ ਦੇ ਸਕਦੇ ਹਨ।