ਕਲਾਨੌਰ ਦੇ ਅਧਿਆਪਕ ਸੰਜੀਵ ਤੁੱਲੀ ਅੰਤਰਰਾਸ਼ਟਰੀ ਗਲੋਬਲ ਸਿੱਖਿਆ ਰਤਨ ਐਵਾਰਡ ਨਾਲ ਸਨਮਾਨਿਤ
ਕਲਾਨੌਰ (ਗੁਰਦਾਸਪੁਰ) , 11 ਦਸੰਬਰ (ਪੁਰੇਵਾਲ) - ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਕਲਾਨੌਰ 'ਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਕੰਪਿਊਟਰ ਅਧਿਆਪਕ ਸੰਜੀਵ ਤੁੱਲੀ ਨੂੰ ਅੰਤਰਰਾਸ਼ਟਰੀ ਅਧਿਆਪਕ ਦਿਵਸ 2024 'ਤੇ ਮਹਾਰਾਸ਼ਟਰ ਤੋਂ ਡਾ. ਵਿਜੇ ਸ਼ਾਹ ਪਦਮ ਸ਼੍ਰੀ ਐਵਾਰਡੀ (ਇੰਡੀਆ) ਅਤੇ ਪ੍ਰਸ਼ਾਸਨਿਕ ਅਧਿਕਾਰੀ ਯੂ.ਏ.ਈ. ਕਾਲਜ (ਦੁਬਈ) ਤੋਂ ਉਨ੍ਹਾਂ ਦੀ ਸਹਿਯੋਗੀ ਸਨਮਾਨਿਤ ਸੰਸਥਾ ਦੁਆਰਾ ਸਿੱਖਿਆ 'ਚ ਅਸਧਾਰਨ ਅਤੇ ਰਚਨਾਤਮਕ ਨਵੀਨਤਾ ਲਈ ਅੰਤਰਰਾਸ਼ਟਰੀ ਗਲੋਬਲ ਸਿੱਖਿਆ ਰਤਨ ਪੁਰਸਕਾਰ ਦਿੱਤਾ ਗਿਆ। ਅੰਤਰਰਾਸ਼ਟਰੀ ਐਵਾਰਡ ਮਿਲਣ ਨਾਲ ਉਨ੍ਹਾਂ ਦੇ ਪਰਿਵਾਰ, ਸਕੂਲ ਅਤੇ ਇਲਾਕੇ ਦਾ ਨਾਂਅ ਰੋਸ਼ਨ ਹੋਇਆ ਹੈ। ਤੁਲੀ ਵਲੋਂ ਆਪਣੇ ਅਧਿਆਪਨ ਦੇ ਖੇਤਰ ਵਿਚ ਬਹੁਤ ਹੀ ਰਚਨਾਤਮਕ ਤਰੀਕੇ ਨਾਲ ਅਤੇ ਖੋਜ ਵਿਧੀ ਨਾਲ ਪੜ੍ਹਾਈ ਦਾ ਅਧਿਅਨ ਕਰਕੇ ਬੱਚਿਆਂ ਨੂੰ ਪੜ੍ਹਾਈ ਕਰਵਾ ਕੇ ਪੰਜਾਬੀ ਭਾਸ਼ਾ ਵਿਭਾਗ ਪੰਜਾਬ ਨਾਲ ਮਿਲ ਕੇ 13 ਦੇਸ਼ਾਂ ਵਿਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕੀਤਾ ਗਿਆ। ਅਮਰੀਕਾ ਦੇ ਵਾਈਟ ਹਾਊਸ ਅਤੇ ਅਮਰੀਕਾ ਦੇ ਨਾਸਾ ਤੱਕ ਆਪਣੇ ਸਰਕਾਰੀ ਸਕੂਲ ਦਾ ਨਾਂਅ ਪਹੁੰਚਾ ਦਿੱਤਾ । ਅੰਤਰਰਾਸ਼ਟਰੀ ਐਵਾਰਡੀ ਸੰਜੀਵ ਤੁੱਲੀ ਨੂੰ ਪਹਿਲਾਂ ਵੀ ਕਈ ਵਾਰੀ ਸਟੇਟ, ਨੈਸ਼ਨਲ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ।