ਦਿਨ-ਦਿਹਾੜੇ ਐਕਟਿਵਾ ਸਵਾਰ ਨੌਜਵਾਨ ਨੇ ਬ਼ਜ਼ੁਰਗ ਮਹਿਲਾ ਦੀ ਵਾਲੀ ਖੋਹੀ
ਪਠਾਨਕੋਟ, 11 ਦਸੰਬਰ (ਸੰਧੂ)-ਅੱਜ ਸ਼ਹਿਰ ਦੇ ਅੰਦਰੂਨੀ ਬਾਜ਼ਾਰ ਵਿਚ ਐਕਟਿਵਾ ਸਵਾਰ ਨੌਜਵਾਨ ਨੇ ਇਕ ਬਜ਼ੁਰਗ ਔਰਤ ਨਾਲ ਗੱਲਬਾਤ ਕਰਦੇ ਸਮੇਂ ਉਸ ਦੀ ਸੋਨੇ ਦੀ ਇਕ ਵਾਲੀ ਖੋਹ ਲਈ ਤੇ ਫਰਾਰ ਹੋ ਗਿਆ। ਉਕਤ ਨੌਜਵਾਨ ਨੇ ਉਸ ਦੇ ਖੱਬੇ ਕੰਨ ਵਿਚ ਪਾਈ ਸੋਨੇ ਦੀ ਵਾਲੀ ਖਿੱਚ ਲਈ ਅਤੇ ਭੱਜ ਗਿਆ ਅਤੇ ਮਹਿਲਾ ਨੂੰ ਹੇਠਾਂ ਸੁੱਟ ਦਿੱਤਾ, ਜਿਸ ਤੋਂ ਬਾਅਦ ਮਹਿਲਾ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਰੌਲਾ ਸੁਣ ਕੇ ਆਸ-ਪਾਸ ਦੇ ਦੁਕਾਨਦਾਰਾਂ ਨੇ ਨੌਜਵਾਨ ਦਾ ਪਿੱਛਾ ਕੀਤਾ ਪਰ ਉਹ ਭੱਜਣ ਵਿਚ ਕਾਮਯਾਬ ਹੋ ਗਿਆ। ਇਸ ਘਟਨਾ ਨੂੰ ਲੈ ਕੇ ਬਾਜ਼ਾਰ ਦੇ ਦੁਕਾਨਦਾਰਾਂ ਅਤੇ ਆਸ-ਪਾਸ ਦੇ ਲੋਕਾਂ ’ਚ ਕਾਫੀ ਗੁੱਸਾ ਦੇਖਣ ਨੂੰ ਮਿਲਿਆ ਅਤੇ ਇਸ ਘਟਨਾ ਤੋਂ ਬਾਅਦ ਐਕਟਿਵਾ ’ਤੇ ਸਵਾਰ ਨੌਜਵਾਨ ਦੀ ਫੋਟੋ ਵੀ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ। ਪੀੜਤ ਪਰਿਵਾਰ ਨੇ ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ, ਜਿਸ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਪੀੜਤ ਔਰਤ ਤੋਂ ਸਾਰੀ ਜਾਣਕਾਰੀ ਇਕੱਠੀ ਕੀਤੀ ਅਤੇ ਭਰੋਸਾ ਦਿੱਤਾ ਕਿ ਜਲਦ ਹੀ ਲੁੱਟ-ਖੋਹ ਕਰਨ ਵਾਲੇ ਵਿਅਕਤੀ ਨੂੰ ਫੜ ਲਿਆ ਜਾਵੇਗਾ।