ਚੋਣ ਕਮਿਸ਼ਨ ਨੇ 9 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲਿਆਂ ’ਤੇ ਲਗਾਈ ਰੋਕ
ਚੰਡੀਗੜ੍ਹ, 9 ਦਸੰਬਰ- ਮੁੱਖ ਚੋਣ ਅਫ਼ਸਰ ਪੰਜਾਬ ਵਲੋਂ 6 ਦਸੰਬਰ ਨੂੰ ਕੀਤੇ ਗਏ 9 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲਿਆਂ ਨੂੰ ਫਿਲਹਾਲ ਟਾਲ ਦਿੱਤਾ ਹੈ। ਇਨ੍ਹਾਂ ਵਿਚੋਂ ਬਹੁਤ ਸਾਰੇ ਅਧਿਕਾਰੀ ਫੋਟੋ ਵੋਟਰ ਸੂਚੀ ਲਈ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਜੋਂ ਕੰਮ ਕਰ ਰਹੇ ਹਨ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਬੀਤੇ ਦਿਨ ਪ੍ਰਸ਼ਾਸਨਿਕ ਫੇਰਬਦਲ ਵੀ ਕੀਤਾ ਹੈ। ਪੰਜਾਬ ਸਰਕਾਰ ਨੇ ਦੋ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕਰਦੇ ਹੋਏ ਆਈ.ਪੀ.ਐਸ. ਅਧਿਕਾਰੀ ਜਗਦਾਲੇ ਨੀਲਾਂਬਰੀ ਵਿਜੇ ਨੂੰ ਡੀ.ਆਈ.ਜੀ. ਕਾਊਂਟਰ ਇੰਟੈਲੀਜੈਂਸ ਪੰਜਾਬ ਲਾਇਆ ਹੈ। ਪਿਛਲੇ 2 ਹਫ਼ਤਿਆਂ ਵਿਚ ਇਹ ਉਨ੍ਹਾਂ ਦਾ ਦੂਜਾ ਤਬਾਦਲਾ ਹੈ ਪਰ ਉਹ ਮੌਜੂਦਾ ਸਮੇਂ ਵਿਚ ਤਕਨੀਕੀ ਸਹਾਇਤਾ ਸੇਵਾਵਾਂ ਅਤੇ ਭਾਈਚਾਰਕ ਮਾਮਲੇ ਵਿਭਾਗ ਵਿਚ ਤਾਇਨਾਤ ਸਨ ਅਤੇ ਦੋ ਹਫ਼ਤੇ ਪਹਿਲਾਂ ਉਨ੍ਹਾਂ ਦਾ ਤਬਾਦਲਾ ਡੀ.ਆਈ.ਜੀ. ਮੁਹਾਲੀ ਵਜੋਂ ਕੀਤਾ ਗਿਆ ਸੀ। ਆਈ.ਪੀ.ਐਸ. ਜੇ. ਐਲਨਾਚੇਜੀਅਨ ਨੂੰ ਵਿਜੀਲੈਂਸ ਬਿਊਰੋ ਪੰਜਾਬ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਇਸ ਤੋਂ ਪਹਿਲਾਂ ਉਹ ਡੀ.ਆਈ.ਜੀ. ਕਾਊਂਟਰ ਇੰਟੈਲੀਜੈਂਸ ਵਜੋਂ ਤਾਇਨਾਤ ਸਨ।