ਰਾਜਧਾਨੀ ’ਚ ਪਤੀ, ਪਤਨੀ ਤੇ ਧੀ ਦੀ ਹੱਤਿਆ
ਨਵੀਂ ਦਿੱਲੀ, 4 ਦਸੰਬਰ- ਦੱਖਣੀ ਦਿੱਲੀ ਦੇ ਨੇਬ ਸਰਾਏ ਇਲਾਕੇ ਦੇ ਦਿਓਲੀ ’ਚ ਪਤੀ, ਪਤਨੀ ਅਤੇ ਬੇਟੀ ਦੀ ਹੱਤਿਆ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਪਤੀ ਰਾਜੇਸ਼ (55), ਪਤਨੀ ਕੋਮਲ (47), ਬੇਟੀ ਕਵਿਤਾ (23) ਵਜੋਂ ਹੋਈ ਹੈ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਰਾਜੇਸ਼ ਦਾ ਲੜਕਾ ਸਵੇਰੇ 5 ਵਜੇ ਸਵੇਰ ਦੀ ਸੈਰ ਲਈ ਗਿਆ ਸੀ, ਜਦੋਂ ਉਹ ਘਰ ਆਇਆ ਤਾਂ ਉਸ ਦੇ ਮਾਤਾ-ਪਿਤਾ ਅਤੇ ਭੈਣ ਦੀਆਂ ਲਾਸ਼ਾਂ ਪਈਆਂ ਸਨ। ਤਿੰਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਅੱਜ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ ਸੀ। ਰਾਜੇਸ਼ ਫੌਜ ਤੋਂ ਸੇਵਾਮੁਕਤ ਸੀ। ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਘਟਨਾ ਵਾਲੀ ਥਾਂ ’ਤੇ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਗਏ ਹਨ। ਪੁਲਿਸ ਮਾਮਲੇ ’ਚ ਪੁੱਤਰ ਤੋਂ ਪੁੱਛਗਿੱਛ ਕਰ ਰਹੀ ਹੈ।