04-12-2024
ਸੋਸ਼ਲ ਮੀਡੀਆ ਦਾ ਲੋਕਾਂ 'ਤੇ ਪ੍ਰਭਾਵ
ਮਨੁੱਖ ਨੇ ਆਪਣੇ ਜੀਵਨ ਨੂੰ ਸੁੱਖ ਭਰਪੂਰ ਬਣਾਉਣ ਲਈ ਕਈ ਤਰ੍ਹਾਂ ਦੀਆਂ ਕਾਢਾਂ ਕੱਢੀਆਂ। ਇਸ ਚ ਸੋਸ਼ਲ ਮੀਡੀਆ ਦੇ ਵੱਖ-ਵੱਖ ਰੂਪ ਮੋਬਾਈਲ ਫੋਨ, ਫੇਸਬੁੱਕ, ਟਵਿੱਟਰ, ਵੱਟਸਐਪ ਆਦਿ ਵਿਕਸਿਤ ਹੋਏ ਹਨ। ਅੱਜ ਦੁਨੀਆ 'ਚ ਸਾਢੇ 3 ਅਰਬ ਲੋਕ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ।
ਇਸ ਦੀ ਵਰਤੋਂ ਵਪਾਰ, ਸਿੱਖਿਆ, ਸੰਚਾਰ ਆਦਿ ਦੇ ਰੂਪ 'ਚ ਕੀਤੀ ਜਾਂਦੀ ਹੈ ਜਿਥੇ ਇਸ ਦੇ ਫਾਇਦੇ ਹਨ, ਉਥੇ ਨੁਕਸਾਨ ਵੀ ਹਨ। ਕਿਉਂਕਿ ਸੋਸ਼ਲ ਮੀਡੀਆ ਦੀ ਸਭ ਤੋਂ ਮਾੜੀ ਦੁਰਵਰਤੋਂ ਉਸ ਸਮੇਂ ਸ਼ੁਰੂ ਹੁੰਦੀ ਹੈ ਜਦੋਂ ਲੋਕ ਇਸ 'ਤੇ ਲੋੜ ਤੋਂ ਵੱਧ ਸਮਾਂ ਖਰਾਬ ਕਰਦੇ ਹਨ। ਸੋਸ਼ਲ ਮੀਡੀਆ ਰਾਹੀਂ ਅਫਵਾਹਾਂ ਬਹੁਤ ਤੇਜ਼ੀ ਨਾਲ ਲੋਕਾਂ ਤੱਕ ਫੈਲਦੀਆਂ ਹਨ।
ਇਸ ਤਰ੍ਹਾਂ ਵਿਰੋਧੀਆਂ ਤੋਂ ਵੱਖਰੇ ਵਿਚਾਰ ਰੱਖਣ ਵਾਲਿਆਂ ਦੀ ਟ੍ਰੋਲਿੰਗ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਬਣਾ ਕੇ ਪ੍ਰੋਸਣ ਨਾਲ ਇਹ ਬਿਮਾਰੀ ਸਮਾਜਿਕ ਮਾਨਸਿਕਤਾ ਨੂੰ ਬੁਰੀ ਤਰ੍ਹਾਂ ਗੰਦਲਾ ਕਰ ਰਹੀ ਹੈ।
-ਰਮਨਦੀਪ ਕੌਰ
ਘਰੇਲੂ ਚਿੜੀਆਂ ਦੀ ਘਟ ਰਹੀ ਗਿਣਤੀ
ਬੀਤੇ ਦਿਨ ਪ੍ਰਧਾਨ ਮੰਤਰੀ ਨੇ ਆਪਣੇ 'ਮਨ ਕੀ ਬਾਤ' ਦੌਰਾਨ ਸਾਡੇ ਆਲੇ-ਦੁਆਲੇ ਘਰੇਲੂ ਚਿੜੀਆਂ ਜਿਸ ਨੂੰ 'ਗੁਰੱਈਆ' ਵੀ ਕਿਹਾ ਜਾਂਦਾ ਹੈ, ਦੀ ਘਟ ਰਹੀ ਗਿਣਤੀ ਤੇ ਇਨ੍ਹਾਂ ਦੀ ਸਾਂਭ ਸੰਭਾਲ ਦੀ ਚਰਚਾ ਕੀਤੀ। ਪਿੰਡਾਂ 'ਚ ਪਹਿਲਾਂ ਜਦੋਂ ਘਰ ਕੱਚੇ ਹੁੰਦੇ ਸਨ ਤਾਂ ਚਿੜੀਆਂ ਘਾਹ-ਫ਼ੂਸ ਦੀ ਮਦਦ ਨਾਲ ਆਪਣਾ ਆਲ੍ਹਣਾ ਬਣਾ ਕੇ ਰਹਿੰਦੀਆਂ ਸਨ। ਪਰੰਤੂ ਹੁਣ ਪਿੰਡਾਂ ਨੂੰ ਵੀ ਸ਼ਹਿਰੀਕਰਨ ਦੀ ਪਾਣ ਚੜ੍ਹਨ ਤੇ ਵਾਤਾਵਰਨ 'ਚ ਆ ਰਹੀ ਤਬਦੀਲੀ ਕਰ ਕੇ ਗੁਰੱਈਆ ਕਿਤੇ ਵੀ ਦਿਖਾਈ ਨਹੀਂ ਦਿੰਦੀ। ਸ਼ਹਿਰਾਂ 'ਚ ਤਾਂ ਬਿਲਕੁਲ ਨਹੀਂ। ਜੀਵ-ਜੰਤੂ ਨਾ ਕੇਵਲ ਵਾਤਾਵਰਨ ਦਾ ਮਹੱਤਵਪੂਰਨ ਅੰਗ ਹਨ, ਸਗੋਂ ਭੋਜਨ ਲੜੀ ਦੇ ਸੰਤੁਲਨ ਨੂੰ ਵੀ ਬਰਕਰਾਰ ਰੱਖਣ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਰੁੱਖਾਂ ਦੀ ਧੜਾਧੜ ਹੋ ਰਹੀ ਕਟਾਈ ਨੇ ਗੁਰੱਈਆ ਤੇ ਹੋਰ ਜੀਵ-ਜੰਤੂਆਂ ਨੂੰ ਅਨਾਥ ਕਰ ਦਿੱਤਾ ਹੈ।
ਰੁੱਖਾਂ ਹੇਠ ਦਿਨੋ ਦਿਨ ਘਟ ਰਿਹਾ ਰਕਬਾ ਖ਼ਤਰੇ ਦੀ ਕੰਗਾਰ 'ਤੇ ਪਹੁੰਚ ਚੁੱਕੀਆਂ ਜੀਵ-ਜੰਤੂਆਂ ਦੀਆਂ ਪ੍ਰਜਾਤੀਆਂ ਨੂੰ ਬਚਾਉਣ ਲਈ ਜਿਥੇ ਸਰਕਾਰ ਨੂੰ ਠੋਸ ਨੀਤੀ ਅਮਲ 'ਚ ਲਿਆਉਣੀ ਹੋਵੇਗੀ, ਉਥੇ ਹਰੇਕ ਵਿਅਕਤੀ ਨੂੰ ਵੀ ਜੀਵ-ਜੰਤੂਆਂ ਦੀ ਸਾਂਭ-ਸੰਭਾਲ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਆਪਣੀ ਬਣਦੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ ਤਾਂ ਜੋ ਧਰਤੀ 'ਤੇ ਮਨੁੱਖ ਅਤੇ ਜੀਵ- ਜੰਤੂਆਂ ਦੀ ਹੋਂਦ ਬਣੀ ਰਹੇ।
-ਰਜਵਿੰਦਰ ਪਾਲ ਸ਼ਰਮਾ
ਕਿਸ ਗੱਲ ਤੋਂ ਲਾਠੀਚਾਰਜ?
ਪੰਜਾਬ ਦੇ ਮੁੱਖ ਮੰਤਰੀ ਦੇ ਆਪਣੇ ਸ਼ਹਿਰ 'ਚ ਅਸਿਸਟੈਂਟ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਕੀਤੇ ਜਾ ਰਹੇ ਸ਼ਾਂਤਮਈ ਅੰਦੋਲਨ 'ਤੇ ਪੁਲਿਸ ਵਲੋਂ ਕੀਤਾ ਗਿਆ ਲਾਠੀਚਾਰਜ ਬੇਹੱਦ ਨਿੰਦਨਯੋਗ ਹੈ ਕਿਉਂਕਿ ਸੰਵਿਧਾਨ ਮੁਤਾਬਕ ਕੋਈ ਵੀ ਭਾਰਤੀ ਨਾਗਰਿਕ ਆਪਣੇ ਜਮਹੂਰੀ ਹੱਕਾਂ ਲਈ ਆਵਾਜ਼ ਬੁਲੰਦ ਕਰ ਸਕਦਾ ਹੈ। ਪਰ ਆਪਣੇ ਆਪ ਨੂੰ ਆਮ ਆਦਮੀ ਦੀ ਸਰਕਾਰ ਅਖਵਾਉਣ ਵਾਲੀ ਪੰਜਾਬ ਸਰਕਾਰ ਜਿਸ ਤਰ੍ਹਾਂ ਮਾਣਯੋਗ ਅਦਾਲਤਾਂ ਦੇ ਹੁਕਮਾਂ ਦੀ ਹੁਕਮ ਅਦੂਲੀ ਕਰਦਿਆਂ ਉਨ੍ਹਾਂ ਨੂੰ ਨਾ ਲਾਗੂ ਕਰ ਕੇ ਲੋਕਾਂ ਨਾਲ ਬੇਇਨਸਾਫ਼ੀ ਕਰ ਰਹੀ ਹੈ ਉਸ ਤੋਂ ਸਾਫ਼ ਜ਼ਾਹਿਰ ਹੈ ਕਿ ਆਪ ਪਾਰਟੀ ਦੀ ਸਰਕਾਰ ਲੋਕ ਵਿਰੋਧੀ ਹੈ ਜਿਸ ਦੀ ਪੁਰਜ਼ੋਰ ਸ਼ਬਦਾਂ 'ਚ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ। ਪੰਜਾਬ ਸਰਕਾਰ ਜੇ ਸੱਚਮੁੱਚ ਸਿੱਖਿਆ 'ਚ ਸੁਧਾਰ ਕਰਨ ਦੀ ਇੱਛੁਕ ਹੈ ਤਾਂ ਉਸ ਨੂੰ ਇਨ੍ਹਾਂ ਅਸਿਸਟੈਂਟ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨ ਦੀਆਂ ਮੰਗਾਂ ਤੁਰੰਤ ਪ੍ਰਵਾਨ ਕਰ ਕੇ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਦਿਆਂ ਨਿਯੁਕਤੀ ਪੱਤਰ ਦੇ ਦੇਣੇ ਚਾਹੀਦੇ ਹਨ।
-ਲੈਕਚਰਾਰ ਅਜੀਤ ਖੰਨਾ
ਮਾਪਿਆਂ ਦਾ ਸਤਿਕਾਰ ਕਰੋ
ਦਿਨੋਂ-ਦਿਨ ਘਰਾਂ 'ਚ ਬਜ਼ੁਰਗਾਂ ਦਾ ਸਤਿਕਾਰ ਘਟ ਹੁੰਦਾ ਜਾ ਰਿਹਾ ਹੈ। ਬਜ਼ੁਰਗਾਂ ਦੀ ਟੋਕਾ-ਟਾਕੀ ਬੱਚਿਆਂ ਨੂੰ ਪਸੰਦ ਨਹੀਂ ਹੈ। ਕਹਿੰਦੇ ਹਨ ਕਿ ਫਾਲਤੂ ਬੋਲਦੇ ਹਨ। ਕਈ ਬੱਚਿਆਂ ਤਾਂ ਮਾਂ-ਬਾਪ ਬਿਰਧ ਆਸ਼ਰਮ 'ਚ ਭੇਜ ਦਿੱਤੇ ਹਨ। ਆਪਾਂ ਭਾਵੇਂ ਗੁਰਦੁਆਰੇ ਜਾ ਕੇ ਜਿੰਨੀ ਮਰਜ਼ੀ ਸੇਵਾ ਕਰ ਲਈਏ, ਜੇ ਘਰ ਦੇ ਬਜ਼ੁਰਗ ਦੁਖੀ ਹਨ ਤਾਂ ਗੁਰੂ ਘਰ ਸੇਵਾ ਕਰਨ ਦਾ ਕੋਈ ਫ਼ਾਇਦਾ ਨਹੀਂ। ਅੱਜ-ਕੱਲ੍ਹ ਦੀਆਂ ਕੁੜੀਆਂ ਦੀ ਸੋਚ ਹੈ ਕਿ ਉਨ੍ਹਾਂ ਦਾ ਭਰਾ ਉਨ੍ਹਾਂ ਦੇ ਮਾਂ-ਬਾਪ ਦੀ ਚੰਗੀ ਸੇਵਾ ਕਰੇ। ਪਰ ਆਪ ਉਨ੍ਹਾਂ ਨੂੰ ਸੱਸ-ਸਹੁਰਾ ਦੀ ਸੇਵਾ ਨਾ ਕਰਨੀ ਪਏ।
ਬੱਚਿਆਂ ਨੂੰ ਬਜ਼ੁਰਗਾਂ ਦੀ ਪੈਨਸ਼ਨ ਨਾਲ ਤਾਂ ਪਿਆਰ ਹੈ, ਪਰ ਬਜ਼ੁਰਗਾਂ ਨਾਲ ਪਿਆਰ ਨਹੀਂ ਹੈ। ਬਜ਼ੁਰਗ ਤਾਂ ਘਰ ਨੂੰ ਸੰਵਾਰਦੇ ਹੀ ਹਨ, ਉਹ ਸੋਚਦੇ ਹਨ ਕਿ ਸਾਡੇ ਪੁੱਤ ਦਾ ਕੋਈ ਵੀ ਨੁਕਸਾਨ ਨਾ ਹੋਵੇ। ਨੂੰਹ-ਪੁੱਤ ਨੂੰ ਚਾਹੀਦਾ ਹੈ ਕਿ ਘਰ 'ਚ ਬਜ਼ੁਰਗਾਂ ਨੂੰ ਸਮਾਂ ਦੇਣ।
ਕਈ ਵਾਰ ਜਦੋਂ ਇਕੱਠੇ ਬੈਠੇ ਹੁੰਦੇ ਹਨ ਤਾਂ ਬਜ਼ੁਰਗ ਬਹੁਤ ਕੁਝ ਸਿਖਾ ਦਿੰਦੇ ਹਨ, ਕਿਉਂਕਿ ਉਨ੍ਹਾਂ ਕੋਲ ਜ਼ਿੰਦਗੀ ਦਾ ਨਿਚੋੜ ਹੁੰਦਾ ਹੈ। ਅਸੀਂ ਆਪਣੇ ਮਾਂ-ਬਾਪ ਨਾਲ ਜਿਹੋ ਜਿਹਾ ਵਰਤਾਉ ਕਰਾਂਗੇ, ਕੱਲ੍ਹ ਨੂੰ ਸਾਡੀ ਔਲਾਦ ਵੀ ਸਾਡੇ ਨਾਲ ਉਹੋ ਜਿਹਾ ਹੀ ਵਰਤਾਓ ਕਰੇਗੀ।
-ਸੰਜੀਵ ਸਿੰਘ ਸੈਣੀ
ਮੁਹਾਲੀ