ਐਸਾਰ ਗਰੁੱਪ ਦੇ ਸਹਿ-ਸੰਸਥਾਪਕ ਸ਼ਸ਼ੀ ਰੁਈਆ ਦਾ ਦਿਹਾਂਤ, ਪ੍ਰਧਾਨ ਮੰਤਰੀ ਵਲੋਂ ਦੁੱਖ ਪ੍ਰਗਟ
ਨਵੀਂ ਦਿੱਲੀ, 26 ਨਵੰਬਰ- ਐਸਾਰ ਗਰੁੱਪ ਦੇ ਸਹਿ-ਸੰਸਥਾਪਕ ਸ਼ਸ਼ੀ ਰੁਈਆ ਦਾ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ। ਉਹ 80 ਵਰਿ੍ਹਆਂ ਦੇ ਸਨ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਰੂਈਆ ਦੀ 25 ਨਵੰਬਰ ਨੂੰ ਰਾਤ ਕਰੀਬ 11 ਵਜੇ ਮੁੰਬਈ ਵਿਚ ਮੌਤ ਹੋ ਗਈ ਸੀ। ਉਹ ਲਗਭਗ ਇਕ ਮਹੀਨਾ ਪਹਿਲਾਂ ਅਮਰੀਕਾ ਤੋਂ ਵਾਪਸ ਆਏ ਸਨ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੇ ਦਿਹਾਂਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ ਸ਼੍ਰੀ ਸ਼ਸ਼ੀਕਾਂਤ ਰੂਈਆ ਜੀ ਉਦਯੋਗ ਜਗਤ ਵਿਚ ਇਕ ਵਿਸ਼ਾਲ ਸ਼ਖਸੀਅਤ ਸਨ। ਉਨ੍ਹਾਂ ਦੀ ਦੂਰਅੰਦੇਸ਼ੀ ਅਗਵਾਈ ਅਤੇ ਉੱਤਮਤਾ ਪ੍ਰਤੀ ਅਟੁੱਟ ਵਚਨਬੱਧਤਾ ਨੇ ਭਾਰਤ ਦੇ ਵਪਾਰਕ ਦ੍ਰਿਸ਼ ਨੂੰ ਬਦਲ ਦਿੱਤਾ। ਨਵੀਨਤਾ ਅਤੇ ਵਿਕਾਸ ਲਈ ਉੱਚ ਮਾਪਦੰਡ ਸਥਾਪਤ ਕੀਤੇ, ਉਹ ਹਮੇਸ਼ਾ ਵਿਚਾਰਾਂ ਨਾਲ ਭਰੇ ਹੋਏ ਸਨ ਕਿ ਅਸੀਂ ਆਪਣੇ ਦੇਸ਼ ਨੂੰ ਕਿਵੇਂ ਬਿਹਤਰ ਬਣਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਦੁੱਖ ਦੀ ਇਸ ਘੜੀ ਵਿਚ ਉਨ੍ਹਾਂ ਦੇ ਪਰਿਵਾਰ ਅਤੇ ਪਿਆਰਿਆਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ।