JALANDHAR WEATHER

26-11-2024

 ਮਾੜੀ ਹਾਲਤ 'ਚ ਅੰਨਦਾਤਾ

ਜਦੋਂ ਛੇ ਮਹੀਨੇ ਬਾਅਦ ਫ਼ਸਲ ਪੱਕਦੀ ਹੈ ਤਾਂ ਕਿਤੇ ਨਾ ਕਿਤੇ ਕਿਸਾਨ ਨੂੰ ਚਾਅ ਚੜ੍ਹ ਜਾਂਦਾ ਹੈ ਕਿ ਹੁਣ ਉਹ ਆਪਣੀ ਫ਼ਸਲ ਨੂੰ ਵੱਢੇਗਾ, ਵੇਚੇਗਾ ਤੇ ਪੈਸਿਆਂ ਨਾਲ ਆਪਣੀਆਂ ਲੋੜਾਂ ਨੂੰ ਪੂਰਾ ਕਰੇਗਾ। ਪਰ ਲਗਦਾ ਹੈ ਕਿ ਸਮੇਂ ਦੀਆਂ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਅੰਨਦਾਤਾ ਹਮੇਸ਼ਾ ਖੁਸ਼ ਰਹੇ। ਉਹ ਹਮੇਸ਼ਾ ਹੀ ਕੋਈ ਨਾ ਕੋਈ ਅਜਿਹਾ ਆਦੇਸ਼ ਦਿੰਦੀਆਂ ਹਨ ਜੋ ਕਿਸਾਨਾਂ ਦੇ ਹੱਕ 'ਚ ਨਹੀਂ ਹੁੰਦਾ। ਇਸ ਵਾਰ ਵੀ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਮੰਡੀਆਂ 'ਚ ਰੁਲਦੀ ਰਹੀ ਕਿਉਂਕਿ ਸਮੇਂ ਸਿਰ ਖਰੀਦਦਾਰੀ ਨਹੀਂ ਹੋ ਸਕੀ। ਕਿਸਾਨਾਂ ਦੀ ਦੀਵਾਲੀ ਤੇ ਗੁਰਪੁਰਬ ਵੀ ਇਸ ਵਾਰ ਮੰਡੀਆਂ ਵਿਚ ਹੀ ਲੰਘੇ। ਹੁਣ ਇਕ ਹੋਰ ਸਮੱਸਿਆ ਡੀ.ਏ.ਪੀ. ਖਾਦ ਬਣ ਗਈ ਹੈ, ਜੋ ਕਿਸਾਨਾਂ ਨੂੰ ਆਸਾਨੀ ਨਾਲ ਨਹੀਂ ਮਿਲ ਰਹੀ। ਸਰਕਾਰ ਨੂੰ ਇਸ ਦੀ ਕਾਲਾਬਾਜ਼ਾਰੀ ਨੂੰ ਰੋਕਣਾ ਚਾਹੀਦਾ ਹੈ।

-ਮਨਪ੍ਰੀਤ ਕੌਰ ਸਮਾਲਸਰ
(ਮੋਗਾ)

ਨਾਬਾਲਿਗ ਵਾਹਨ ਚਾਲਕ

ਨਾਬਾਲਿਗਾਂ ਦੇ ਵਹੀਕਲ ਚਲਾਉਣ ਬਾਰੇ ਜਾਰੀ ਕੀਤੇ ਹੁਕਮ ਬੇਅਸਰ ਵਿਖਾਈ ਦੇ ਰਹੇ ਹਨ। ਇਕ ਅਗਸਤ, 2024 ਤੋਂ ਪੰਜਾਬ ਪੁਲਿਸ ਵਲੋਂ ਜਾਰੀ ਕੀਤੇ ਗਏ ਉਕਤ ਹੁਕਮਾਂ ਦੀ ਸ਼ਰ੍ਹੇਆਮ ਹੁਕਮ ਅਦੂਲੀ ਵੇਖੀ ਜਾ ਰਹੀ ਹੈ। 18 ਸਾਲ ਤੋਂ ਘੱਟ ਉਮਰ ਦੇ ਬੱਚੇ ਬੱਚੀਆਂ ਐਕਟਿਵਾ ਆਦਿ ਵਹੀਕਲ ਬੇਫਿਕਰ ਹੋ ਕੇ ਸੜਕਾਂ 'ਤੇ ਘੁਮਾਉਂਦੇ ਵੇਖੇ ਜਾ ਸਕਦੇ ਹਨ। ਜਦਕਿ ਨਵੇਂ ਨਿਯਮਾਂ ਮੁਤਾਬਿਕ ਕੋਈ ਨਾਬਾਲਗ ਵਹੀਕਲ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਉਸ ਦੇ ਮਾਪਿਆਂ ਨੂੰ ਜੁਰਮਾਨਾ ਤੇ ਸਜ਼ਾ ਦੋਵੇਂ ਹੋ ਸਕਦੇ ਹਨ। ਇਸ ਦੇ ਬਾਵਜੂਦ ਅਜੇ ਤੱਕ ਉਕਤ ਹੁਕਮਾਂ ਨੂੰ ਅਮਲੀ ਰੂਪ ਨਹੀਂ ਦਿੱਤਾ ਜਾ ਸਕਿਆ, ਜੋ ਬਹੁਤ ਅਫ਼ਸੋਸਜਨਕ ਹੈ। ਇਹ ਹੁਕਮ ਬੇਅਸਰ ਕਿਉਂ ਹਨ? ਇਸ ਦਾ ਜਵਾਬ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਦੇਣਾ ਚਾਹੀਦਾ ਹੈ।

-ਅਜੀਤ ਖੰਨਾ

ਸੜਕੀ ਹਾਦਸੇ

ਅੱਜਕਲ ਧੂੰਏਂ ਤੇ ਧੁੰਦ ਕਰਕੇ ਰੋਜ਼ਾਨਾ ਹੀ ਸੜਕੀ ਹਾਦਸੇ ਵਾਪਰ ਰਹੇ ਹਨ। ਇਨ੍ਹਾਂ ਸੜਕੀ ਹਾਦਸਿਆਂ ਬਾਰੇ ਪੜ੍ਹ ਕੇ, ਸੁਣ ਕੇ ਅਤੇ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿਵੇਂ ਨਿੱਕੀ ਜਿਹੀ ਲਾਪਰਵਾਹੀ ਕਰਕੇ ਵਾਪਰ ਰਹੇ। ਇਨ੍ਹਾਂ ਸੜਕੀ ਹਾਦਸਿਆਂ ਨਾਲ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਕਈ ਵਾਰ ਤਾਂ ਇਕੋ ਪਰਿਵਾਰ ਦੇ 4-5 ਜੀਆਂ ਦੀਆਂ ਮੌਤਾਂ ਹੋ ਜਾਂਦੀਆਂ ਹਨ। ਕਈ ਥਾਵਾਂ 'ਤੇ ਪਰਿਵਾਰਾਂ ਦੇ ਪਰਿਵਾਰ, ਸਕੂਲੀ ਬੱਚੇ ਤੇ ਹੋਰ ਲੋਕ ਸੜਕੀ ਹਾਦਸਿਆਂ ਕਰਕੇ ਮੌਤ ਦੇ ਮੂੰਹ 'ਚ ਜਾ ਰਹੇ ਹਨ। ਅੱਜਕਲ੍ਹ ਇਨ੍ਹਾਂ ਸੜਕੀ ਹਾਦਸਿਆਂ ਦਾ ਮੁੱਖ ਕਾਰਨ ਧੂੰਆਂ, ਧੁੰਦ, ਤੇਜ਼ ਰਫ਼ਤਾਰ, ਨਸ਼ਾ ਕਰਕੇ ਗੱਡੀਆਂ ਚਲਾਉਣਾ ਤੇ ਲਾਪਰਵਾਹੀ ਹੈ।

-ਗੁਰਤੇਜ ਸਿੰਘ ਖੁਡਾਲ,
ਭਾਗੂ ਰੋਡ, ਬਠਿੰਡਾ।

ਅਪਰਾਧੀ ਬੇਖੌਫ਼

ਪੰਜਾਬ ਵਿਚ ਵਧ ਰਹੀਆਂ ਲੁੱਟਾਂ, ਖੋਹਾਂ, ਫਿਰੌਤੀਆਂ ਦੀਆਂ ਵਾਰਦਾਤਾਂ ਚਿੰਤਾ ਦਾ ਵਿਸ਼ਾ ਹਨ। ਰੋਜ਼ਾਨਾ ਵੱਖ-ਵੱਖ ਜ਼ਿਲ੍ਹਿਆਂ 'ਚ ਰੋਜ਼ਾਨਾ ਲੁੱਟ, ਖੋਹ ਦੀਆਂ ਵਾਰਦਾਤਾਂ ਆਮ ਗੱਲ ਹੋ ਗਈ ਹੈ, ਅਪਰਾਧੀਆਂ ਨੂੰ ਪੁਲਿਸ ਦਾ ਭੋਰਾ ਵੀ ਡਰ ਨਹੀਂ ਰਿਹਾ। ਅਪਰਾਧੀ ਸ਼ਰੇਆਮ ਲੋਕਾਂ 'ਤੇ ਜਾਨਲੇਵਾ ਹਮਲੇ ਕਰ ਰਹੇ ਹਨ। ਪੁਲਿਸ ਮੁਲਾਜ਼ਮਾਂ ਨੂੰ ਆਪਣੀਆਂ ਗੱਡੀਆਂ ਹੇਠ ਦਰੜ ਰਹੇ ਹਨ। ਪੁਲਿਸ ਤੇ ਸਰਕਾਰ ਦਾ ਪਹਿਲਾ ਕੰਮ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਅਤੇ ਲਾਅ ਐਂ ਆਰਡਰ ਕਾਇਮ ਕਰਨਾ ਹੁੰਦਾ ਹੈ। ਸੂਬਾ ਸਰਕਾਰ ਤੇ ਪੁਲਿਸ ਇਸ 'ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟ੍ਰੇਸ਼ਨ।