ਮਰਨ ਵਰਤ ’ਤੇ ਬੈਠਣਗੇ ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡੇ- ਸਰਵਣ ਸਿੰਘ ਪੰਧੇਰ
ਖਨੌਰੀ, 26 ਨਵੰਬਰ (ਬਲਵਿੰਦਰ ਸਿੰਘ ਥਿੰਦ)- ਅੱਜ ਖਨੌਰੀ ਸਰਹੱਦ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਵਲੋਂ ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਕਿਸਾਨ ਆਗੂਆਂ ਵਲੋਂ ਪੱਤਰਕਾਰ ਸੰਮੇਲਨ ਕੀਤਾ ਗਿਆ। ਇਸ ਵਿਚ ਬੋਲਦੇ ਹੋਏ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਾਡੀ ਲੜਾਈ ਕੇਂਦਰ ਸਰਕਾਰ ਨਾਲ ਹੈ, ਸੂਬਾ ਸਰਕਾਰ ਨਾਲ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰ ਕੋਲ ਗੱਲਬਾਤ ਲਈ 10 ਦਿਨ ਦਾ ਸਮਾਂ ਹੈ ਤੇ ਉਨ੍ਹਾਂ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਅੱਜ ਕਿਸਾਨ ਨੇਤਾ ਸੁਖਜੀਤ ਸਿੰਘ ਹਰਦੋਝੰਡੇ ਮਰਨ ਵਰਤ ’ਤੇ ਬੈਠਣਗੇ ਤੇ ਕਿਸਾਨਾਂ ਵਲੋਂ ਪਹਿਲਾਂ ਉਲੀਕਿਆ ਪ੍ਰੋਗਰਾਮ ਜਿਉਂ ਦਾ ਤਿਉਂ ਰਹੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਕ ਡੱਲੇਵਾਲ ਨੂੰ ਚੁੱਕਿਆ ਹੈ ਪਰ ਇਕ ਡੱਲੇਵਾਲ ਦੇ ਜਾਣ ਨਾਲ ਕਈ ਹੋਰ ਡੱਲੇਵਾਲ ਖੜ੍ਹੇ ਹਨ।