ਸੁਖਨਾ ਈ.ਐਸ.ਜ਼ੈੱਡ ਦਾ ਵਿਰੋਧ ਕਰਦੇ ਨਵਾਂ ਗਾਓਂ ਵਾਸੀਆਂ ਨੇ ਸੀ.ਐਮ.ਦੀ ਰਿਹਾਇਸ਼ ਵੱਲ ਕੀਤਾ ਮਾਰਚ
ਚੰਡੀਗੜ੍ਹ, 26 ਨਵੰਬਰ-24 ਸੁਖਨਾ ਵਾਈਲਡ ਲਾਈਫ ਸੈਂਚੂਰੀ ਦੇ ਇਕੋ ਸੈਂਸੀਟਿਵ ਜ਼ੋਨ (ਈ.ਐਸ.ਜ਼ੈੱਡ.) ਨੂੰ 100 ਮੀਟਰ ਤੋਂ ਵਧਾ ਕੇ 3 ਕਿਲੋਮੀਟਰ ਕਰਨ ਦੇ ਵਣ ਅਤੇ ਜੀਵ ਸੁਰੱਖਿਆ ਵਿਭਾਗ ਪੰਜਾਬ ਦੇ ਪ੍ਰਸਤਾਵ ਨੂੰ ਪੰਜਾਬ ਦੀ ਕੈਬਨਿਟ ਖਾਰਜ ਕਰੇ, ਇਹ ਮੰਗ ਪੰਜਾਬ ਦੇ ਮੁੱਖ ਮੰਤਰੀ ਤੋਂ ਕਰਦੇ ਹੋਏ ਸੀਨੀਅਰ ਭਾਜਪਾ ਨੇਤਾ ਅਤੇ ਨਵਾਂ ਗਾਓਂ ਘਰ ਬਚਾਓ ਮੰਚ ਦੇ ਚੇਅਰਮੈਨ ਵਿਨੀਤ ਜੋਸ਼ੀ ਦੀ ਅਗਵਾਈ ਵਿਚ ਨਵਾਂ ਗਾਓਂ ਦੇ ਵਸਨੀਕਾਂ ਨੇ ਅੱਜ ਨਵਾਂ ਗਾਓਂ ਤੋਂ ਸੀ.ਐਮ. ਪੰਜਾਬ ਹਾਊਸ ਦੀ ਤਰਫ ਮਾਰਚ ਕੀਤਾ। ਗੌਰਤਲਬ ਹੈ ਕਿ ਨਵਾਂ ਗਾਓਂ ਘਰ ਬਚਾਓ ਮੰਚ ਨਵਾਂ ਗਾਓਂ ਦੇ ਸਿਆਸੀ, ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦਾ ਸਾਂਝਾ ਮੰਚ ਹੈ। ਜੋਸ਼ੀ ਦੇ ਨਾਲ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਸੁਭਾਸ਼ ਸ਼ਰਮਾ, ਜ਼ਿਲ੍ਹਾ ਪ੍ਰਧਾਨ ਮੋਹਾਲੀ ਸੰਜੀਵ ਵਸ਼ਿਸ਼ਟ, ਨਵਾਂ ਗਾਓਂ ਮਿਊਂਸੀਪਲ ਕਾਊਂਸਿਲ ਦੇ ਪ੍ਰਧਾਨ ਗੁਰਧਿਆਨ ਸਿੰਘ, ਭਾਜਪਾ ਕੌਂਸਲਰ ਸੁਰਿੰਦਰ ਬੱਬਲ, ਪ੍ਰਮੋਦ ਕੁਮਾਰ ਅਤੇ ਹਰਨੇਸ਼ ਨੱਟੂ, ਅਕਾਲੀ ਦਲ ਤੋਂ ਕੌਂਸਲਰ ਗੁਰਬਚਨ ਸਿੰਘ ਅਤੇ ਕਾਂਗਰਸ ਤੋਂ ਕੌਂਸਲਰ ਸੁਸ਼ੀਲ ਸ਼ਰਮਾ ਵੀ ਸਨ। ਮਾਰਚ ਕਰਦੇ ਨੇਤਾਵਾਂ ਨੂੰ ਭਾਰੀ ਗਿਣਤੀ ਵਿਚ ਮੌਜੂਦ ਪੁਲਿਸ ਨੇ ਰੋਕਿਆ ਅਤੇ ਝੜਪ ਤੋਂ ਬਾਅਦ ਉਨ੍ਹਾਂ ਨੂੰ ਜਿਥੇ ਰੋਕਿਆ, ਉਹ ਉਥੇ ਹੀ ਸੜਕ 'ਤੇ ਧਰਨੇ ਉਤੇ ਬੈਠ ਗਏ। ਖਰੜ ਦੇ ਐਸ.ਡੀ.ਐਮ. ਗੁਰਮਿੰਦਰ ਸਿੰਘ ਨੇ ਮੌਕੇ ਉਤੇ ਪਹੁੰਚ ਕੇ ਮੁੱਖ ਮੰਤਰੀ ਦੇ ਨਾਮ ਦਾ ਮੈਮੋਰੰਡਮ ਲਿਆ।
ਇਸ ਮੌਕੇ ਸਭਾ ਨੂੰ ਸੰਬੋਧਨ ਕਰਦੇ ਹੋਏ ਜੋਸ਼ੀ ਨੇ ਕਿਹਾ ਕਿ ਸੁਖਨਾ ਈ.ਐਸ.ਜ਼ੈੱਡ. ਨੂੰ 100 ਮੀਟਰ ਤੋਂ 3 ਕਿਲੋਮੀਟਰ ਤੱਕ ਵਧਾ ਕੇ ਪੰਜਾਬ ਸਰਕਾਰ ਆਪਣੇ 10 ਸਾਲ ਪੁਰਾਣੇ ਸਟੈਂਡ ਦੇ ਉਲਟ ਜਾ ਰਹੀ ਹੈ। ਮੰਤਰੀ ਮੰਡਲ ਦੇ ਆਉਣ ਵਾਲੇ ਫੈਸਲੇ ਕਾਰਨ ਹਜ਼ਾਰਾਂ ਹੇਠਲੇ ਮੱਧ ਵਰਗ ਅਤੇ ਗਰੀਬ ਲੋਕ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਨਾਲ ਛੋਟੇ-ਛੋਟੇ ਘਰ ਬਣਾਏ ਹਨ, ਆਪਣੀਆਂ ਜਾਇਦਾਦਾਂ ਤੋਂ ਵਾਂਝੇ ਹੋ ਜਾਣਗੇ।