ਬਾਬਾ ਸਿੱਦੀਕੀ ਹੱਤਿਆ ਕੇਸ ਵਿਚ ਅਕੋਲਾ ਤੋਂ ਇਕ ਵਿਅਕਤੀ ਗ੍ਰਿਫ਼ਤਾਰ, ਮਾਮਲੇ ਵਿਚ 26ਵੀਂ ਗ੍ਰਿਫ਼ਤਾਰੀ
ਮੁੰਬਈ, 22 ਨਵੰਬਰ - ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੀ ਹੱਤਿਆ ਦੇ ਮਾਮਲੇ 'ਚ ਅਕੋਲਾ ਜ਼ਿਲ੍ਹੇ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਨੈਸ਼ਨਲਿਸਟ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਨੇਤਾ ਸਿੱਦੀਕੀ ਦੀ ਬਾਂਦਰਾ ਪੂਰਬੀ ਦੇ ਨਿਰਮਲ ਨਗਰ ਇਲਾਕੇ ਵਿਚ ਉਨ੍ਹਾਂ ਦੇ ਵਿਧਾਇਕ ਪੁੱਤਰ ਜੀਸ਼ਾਨ ਸਿੱਦੀਕੀ ਦੇ ਦਫ਼ਤਰ ਨੇੜੇ 12 ਅਕਤੂਬਰ ਨੂੰ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸਿੱਦੀਕੀ ਦੀ ਕੁਝ ਸਮੇਂ ਬਾਅਦ ਨੇੜਲੇ ਹਸਪਤਾਲ ਵਿਚ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਜਾਂਚ ਦੇ ਸਿਲਸਿਲੇ 'ਚ ਨਾਗਪੁਰ ਗਈ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੁਮਿਤ ਦਿਨਕਰ ਵਾਘ (26) ਵਾਸੀ ਪਨਾਜ, ਅਕੋਲਾ ਦੀ ਅਕੋਟ ਤਹਿਸੀਲ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਇਹ 26ਵੀਂ ਗ੍ਰਿਫ਼ਤਾਰੀ ਹੈ।