ਅੱਤਵਾਦ ਵਿਰੋਧੀ ਕਾਨਫ਼ਰੰਸ 2024: ਅੱਤਵਾਦ ਨਾਲ ਨਜਿੱਠਣ ਲਈ ਅਸੀਂ ਪੂਰੀ ਤਰ੍ਹਾਂ ਤਿਆਰ - ਅਮਿਤ ਸ਼ਾਹ
ਨਵੀਂ ਦਿੱਲੀ, 6 ਨਵੰਬਰ (ਏ.ਐਨ.ਆਈ.) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀਰਵਾਰ ਨੂੰ 'ਅੱਤਵਾਦ ਵਿਰੋਧੀ ਕਾਨਫਰੰਸ-2024' ਦੀ ਅਗਵਾਈ ਕਰਨਗੇ, ਜਿਸ ਵਿਚ ਇਕਮੁੱਠ, 'ਸਮੁੱਚੀ ਸਰਕਾਰ' ਰਾਹੀਂ ਅੱਤਵਾਦ ਨਾਲ ਨਜਿੱਠਣ ਲਈ ਵੱਖ-ਵੱਖ ਹਿੱਸੇਦਾਰਾਂ ਵਿਚਕਾਰ ਤਾਲਮੇਲ ਨੂੰ ਵਧਾਉਣ 'ਤੇ ਮੁੱਖ ਫੋਕਸ ਕੀਤਾ ਜਾਵੇਗਾ। ਗ੍ਰਹਿ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਦੁਆਰਾ ਆਯੋਜਿਤ ਦੋ ਦਿਨਾਂ ਸਮਾਗਮ ਦਾ ਉਦੇਸ਼ ਭਵਿੱਖ ਵਿਚ ਅੱਤਵਾਦ ਵਿਰੋਧੀ ਨੀਤੀਆਂ ਅਤੇ ਰਣਨੀਤੀਆਂ ਨੂੰ ਰੂਪ ਦੇਣਾ ਹੈ। ਇਹ ਕਾਨਫ਼ਰੰਸ ਸੀਨੀਅਰ ਪੁਲਿਸ ਅਧਿਕਾਰੀਆਂ, ਕੇਂਦਰੀ ਏਜੰਸੀ ਦੇ ਅਧਿਕਾਰੀਆਂ, ਕਾਨੂੰਨ, ਫੋਰੈਂਸਿਕ , ਤਕਨਾਲੋਜੀ ਦੇ ਮਾਹਰਾਂ ਨੂੰ ਅੱਤਵਾਦ ਵਿਰੋਧੀ ਮੁਕੱਦਮਾ ਚਲਾਉਣ ਦੀਆਂ ਚੁਣੌਤੀਆਂ, ਅਤੇ ਉੱਭਰਦੀਆਂ ਤਕਨਾਲੋਜੀਆਂ ਦੀ ਭੂਮਿਕਾ ਵਰਗੇ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕਰਨ ਲਈ ਇਕੱਠੇ ਕਰੇਗੀ। ਵਿਚਾਰ-ਵਟਾਂਦਰੇ ਵਿਚ ਅੰਤਰਰਾਸ਼ਟਰੀ ਕਾਨੂੰਨੀ ਸਹਿਯੋਗ ਅਤੇ ਭਾਰਤ ਭਰ ਵਿਚ ਚੱਲ ਰਹੇ ਅੱਤਵਾਦੀ ਨੈਟਵਰਕਾਂ ਨੂੰ ਖ਼ਤਮ ਕਰਨ ਲਈ ਰਣਨੀਤੀਆਂ ਨੂੰ ਵੀ ਸੰਬੋਧਨ ਕੀਤਾ ਜਾਵੇਗਾ।