ਪੁਲਿਸ ਵਲੋਂ ਨਸ਼ਾ ਤਸਕਰ ਦੀ ਡਰੱਗ ਮਨੀ ਨਾਲ ਬਣਾਈ ਗਈ ਚੱਲ/ਅਚੱਲ ਪ੍ਰਾਪਰਟੀ ਜ਼ਬਤ
ਛੇਹਰਟਾ (ਅੰਮ੍ਰਿਤਸਰ), 2 ਨਵੰਬਰ (ਪੱਤਰ ਪ੍ਰੇਰਕ) - ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ 'ਤੇ ਨਸ਼ਾ ਵੇਚਣ ਵਾਲਿਆਂ ਵਲੋਂ ਡਰੱਗ ਮਨੀ ਨਾਲ ਬਣਾਈ ਗਈ ਚੱਲ-ਅਚੱਲ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਦੇ ਤਹਿਤ ਏ.ਸੀ.ਪੀ. ਪੱਛਮੀ ਸ਼ਿਵਦਰਸ਼ਨ ਸਿੰਘ ਸਮੇਤ ਸਬ-ਇੰਸਪੈਕਟਰ ਅਮਨਦੀਪ ਕੌਰ ਮੁੱਖ ਅਫ਼ਸਰ ਥਾਣਾ ਕੰਟੋਨਮੈਂਟ ਵਲੋ ਇਕ ਨਸ਼ਾ ਤਸਕਰ ਹਰਜਿੰਦਰ ਸਿੰਘ ਉਰਫ਼ ਕਾਲਾ ਪੁੱਤਰ ਅਜੀਤ ਸਿੰਘ ਵਾਸੀ ਘਨੂੰਪੂਰ ਕਾਲੇ ਹਾਲ ਵਾਸੀ ਜੰਡਪੀਰ ਕਲੋਨੀ, ਛੇਹਰਟਾ ਵਲੋਂ ਡਰੱਗ ਮਨੀ ਨਾਲ ਬਣਾਈ ਗਈ ਇਕ ਕੋਠੀ ਜੰਡਪੀਰ ਕਲੋਨੀ ਛੇਹਰਟਾ, ਇਕ ਪਲਸਰ ਮੋਟਰਾਸਾਈਕਲ ਤੇ 2 ਐਕਟੀਵਾ ਨੂੰ ਜਬਤ ਕੀਤਾ ਗਿਆ ਹੈ। ਏ.ਸੀ.ਪੀ ਪੱਛਮੀ ਸ਼ਿਵਦਰਸ਼ਨ ਸਿੰਘ ਸੰਧੂ ਨੇ ਦੱਸਿਆ ਕਿ ਕਥਿਤ ਦੋਸ਼ੀ ਖਿਲਾਫ਼ ਪੁਲਿਸ ਥਾਣਾ ਕੰਟੋਨਮੈਂਟ ਵਿਖੇ ਮਿਤੀ 20 ਜਨਵਰੀ 2023 ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਹੋਇਆ ਸੀ ਤੇ ਉਕਤ ਕਥਿਤ ਦੋਸ਼ੀ ਪਾਸੋਂ ਹੈਰੋਇੰਨ ਦੀ ਕਮਰਸ਼ੀਅਲ ਮਾਤਰਾ ਵਿਚ ਬਰਾਮਦਗੀ ਕੀਤੀ ਗਈ ਸੀ।