ਪੰਜਾਬ ਅੰਦਰ ਪੰਜਾਬ ਦੇ ਕਿਸਾਨਾਂ ਦੀ ਪਿਛਲੇ ਇਕ ਮਹੀਨੇ ਤੋਂ ਹੋਈ ਹੈ ਲੁੱਟ ਖਸੁੱਟ- ਸੁਖਪਾਲ ਸਿੰਘ ਖਹਿਰਾ
ਭੁਲੱਥ, (ਕਪੂਰਥਲਾ), 2 ਨਵੰਬਰ (ਮੇਹਰ ਚੰਦ ਸਿੱਧੂ)- ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਕਿਸਾਨਾਂ ਦੀ ਪਿਛਲੇ ਇਕ ਮਹੀਨੇ ਤੋਂ ਖੁੱਲ੍ਹ ਕੇ ਲੁੱਟ ਖਸੁੱਟ ਹੋਈ ਹੈ, ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ, ਕਿਉਂਕਿ ਐਮ. ਐਸ. ਪੀ. ਤੋਂ ਥੱਲੇ ਕਿਸੇ ਨੇ ਤਿੰਨ ਸੌ, ਕਿਸੇ ਨੇ ਚਾਰ ਸੌ ਕਿਸੇ ਨੇ ਪੰਜ ਸੋ ਰੁਪਏ ਕੁਇੰਟਲ ਤੱਕ ਝੋਨੇ ਦੀ ਫ਼ਸਲ ਮਜਬੂਰਨ ਸ਼ੈਲਰਾਂ ਵਾਲਿਆਂ ਨੂੰ ਵੇਚਣੀ ਪਈ, ਦੂਜੇ ਪਾਸੇ ਭਗਵੰਤ ਮਾਨ ਦੀ ਸਰਕਾਰ ਤਾਂ ਸੁੱਤੀ ਪਈ ਲੱਗਦੀ ਹੈ, ਜਿਹੜਾ ਕੰਮ ਇਨ੍ਹਾਂ ਨੂੰ ਤਿੰਨ ਚਾਰ ਮਹੀਨੇ ਪਹਿਲਾਂ ਕਰਨਾ ਚਾਹੀਦਾ ਸੀ, ਉਹ ਹੋ ਨਹੀਂ ਸਕਿਆ, ਕਿਉਂਕਿ ਕੇਂਦਰ ਸਰਕਾਰ ਨਾਲ ਗੱਲ ਕਰਕੇ ਸਾਰੇ ਗੁਦਾਮ ਖਾਲੀ ਕਰਵਾਉਣੇ ਚਾਹੀਦੇ ਸਨ। ਪੰਜਾਬ ਦੇ ਸ਼ੈਲਰਾਂ ਵਾਲਿਆਂ ਨਾਲ ਬੈਠ ਕੇ ਐਗਰੀਮੈਂਟ ਕਰਕੇ ਕੰਮ ਕਰਨਾ ਚਾਹੀਦਾ ਸੀ, ਹੁਣ ਜਦੋਂ ਦੇਖਿਆ ਕਿ ਪੰਜਾਬ ਦੇ ਕਿਸਾਨਾਂ ਨੇ ਧਰਨੇ ਰੋਸ ਮੁਜ਼ਾਹਰੇ ਸ਼ੁਰੂ ਕੀਤੇ ਹੋਏ ਹਨ ਤੇ ਕਿਸਾਨ ਜਥੇਬੰਦੀਆਂ ਸੜ੍ਹਕਾਂ ’ਤੇ ਉਤਰ ਆਈਆਂ ਹਨ, ਤਾਂ ਕੁਝ ਦਿਨ ਪਹਿਲਾਂ ਇਕ ਦਿਖਾਵਾ ਕਰਕੇ ਚੰਡੀਗੜ੍ਹ ਭਾਜਪਾ ਦੇ ਦਫ਼ਤਰ ਦੇ ਬਾਹਰ ਧਰਨਾ ਦੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਢਾਈ ਸਾਲਾਂ ਵਿਚ ਪੰਜਾਬ ਅੰਦਰ ਕਿਹੜੇ ਵਿਕਾਸ ਦੇ ਕੰਮ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਜ਼ਿਮਨੀ ਚੋਣਾਂ ਅੰਦਰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਸਹੀ ਸਰਕਾਰ ਬਣਾਓ।