ਜ਼ਿਲ੍ਹਾ ਗੁਰਦਾਸਪੁਰ ਵਿਚ 2 ਵਜੇ ਤੱਕ 37 ਫੀਸਦੀ ਹੋਈ ਵੋਟਿੰਗ
ਬਟਾਲਾ, 15 ਅਕਤੂਬਰ (ਸਤਿੰਦਰ ਸਿੰਘ)-ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡਾਂ ਵਿਚ ਹੋ ਰਹੀਆਂ ਪੰਚਾਇਤੀ ਚੋਣਾਂ ਦੌਰਾਨ 2 ਵਜੇ ਤੱਕ 37 ਫੀਸਦੀ ਵੋਟਿੰਗ ਹੋਈ। ਵੋਟਾਂ ਦੌਰਾਨ ਲਗਭਗ ਸਾਰੀਆਂ ਥਾਵਾਂ ਉਤੇ ਲੋਕ ਸ਼ਾਂਤੀ ਨਾਲ ਆਪਣੀ ਵੋਟ ਭੁਗਤਾ ਰਹੇ ਹਨ। ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਬਲਾਕ ਬਟਾਲਾ ਅਧੀਨ ਆਉਂਦੇ ਪਿੰਡ ਵੈਰੋਨੰਗਲ ਵਿਚ ਲੋਕਾਂ ਨੇ ਵੋਟਾਂ ਦਾ ਬਾਈਕਾਟ ਕਰ ਦਿੱਤਾ। ਜ਼ਿਲ੍ਹੇ ਦੇ ਕਸਬਾ ਕਾਦੀਆਂ, ਸ੍ਰੀ ਹਰਬਿੰਦਪੁਰ, ਘਮਾਣ, ਫਤਿਹਗੜ੍ਹ ਚੂੜੀਆਂ, ਕਲਾਨੌਰ, ਡੇਰਾ ਬਾਬਾ ਨਾਨਕ ਆਦਿ ਥਾਵਾਂ ਉਤੇ ਲੋਕ ਵੱਡੀ ਗਿਣਤੀ ਵਿਚ ਲਾਈਨਾਂ ਵਿਚ ਲੱਗੇ ਹੋਏ ਹਨ। ਧਾਰੀਵਾਲ ਦੇ ਨਜ਼ਦੀਕ ਪਿੰਡ ਬਲ ਵਿਚ ਗੋਲੀ ਚੱਲਣ ਅਤੇ ਦਸਤੀ ਹਥਿਆਰਾਂ ਨਾਲ ਸਰਪੰਚੀ ਦੇ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੂੰ ਜ਼ਖਮੀ ਕਰਨ ਦੀ ਖਬਰ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।