ਕਾਰ 'ਚ ਟਰਾਲਾ ਵੱਜਣ 'ਤੇ 6 ਲੋਕ ਜ਼ਖ਼ਮੀ, 1 ਗੰਭੀਰ
ਭਵਾਨੀਗੜ੍ਹ (ਸੰਗਰੂਰ), 13 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਰੋਸ਼ਨਵਾਲਾ ਵਿਖੇ ਬਣੀ ਦਿੱਲੀ-ਕਟੜਾ ਐਕਸਪ੍ਰੈਸ ਸੜਕ ਦੇ ਪੁਲ ਹੇਠਾਂ ਸਪੀਡ ਬਰੇਕਰ ਸਹੀ ਨਾ ਹੋਣ ਕਾਰਨ ਇਕ ਹਾਦਸਾਗ੍ਰਸਤ ਕਾਰ ’ਤੇ ਟਰਾਲਾ ਪਲਟ ਜਾਣ ਕਾਰਨ 6 ਵਿਅਕਤੀ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਸੜਕ ਸੁਰੱਖਿਆ ਫੋਰਸ ਦੇ ਮੁਖੀ ਸਹਾਇਕ ਸਬ-ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਰੋਸ਼ਨਵਾਲਾ ਵਿਖੇ ਬਣ ਰਹੀ ਦਿੱਲੀ-ਕਟੜਾ ਐਕਸਪ੍ਰੈਸ ਸੜਕ ਦੇ ਪੁਲ ਹੇਠ ਕਾਰ ਹਾਦਸਾਗ੍ਰਸਤ ਹੋ ਗਈ, ਜਿਸ ਵਿਚ 5 ਵਿਅਕਤੀ ਜੋ ਪਟਿਆਲਾ ਮੰਦਿਰ ਵਿਖੇ ਮੱਥਾ ਟੇਕ ਕੇ ਆ ਰਹੇ ਸਨ, ਜ਼ਖ਼ਮੀ ਹੋ ਗਏ, ਹਿਸਾਰ ਦੇ ਦੱਸੇ ਜਾਂਦੇ ਹਨ ਜਿਨ੍ਹਾਂ ਨੂੰ ਸਥਾਨਕ ਹਸਪਤਾਲ ਲਿਆਂਦਾ ਗਿਆ, ਜਿਥੋਂ ਇਕ ਨੂੰ ਪਟਿਆਲਾ ਭੇਜ ਦਿੱਤਾ। ਇਨ੍ਹਾਂ ਦੇ ਨਾਮ ਦੀ ਪੁਸ਼ਟੀ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਤੋਂ ਕੁਝ ਸਮੇਂ ਬਾਅਦ ਇਕ ਟਰਾਲਾ ਜੋ ਕਰਨਾਲ ਤੋਂ ਰੇਤੇ ਦਾ ਭਰ ਕੇ ਸ੍ਰੀ ਮੁਕਤਸਰ ਸਾਹਿਬ ਨੂੰ ਜਾ ਰਿਹਾ ਸੀ, ਜਦੋਂ ਸਪੀਡ ਬਰੇਕਰ ਤੋਂ ਲੰਘਿਆ ਤਾਂ ਉਹ ਵੀ ਬੁੜਕ ਜਾਣ ਕਾਰਨ ਹਾਦਸਾਗ੍ਰਸਤ ਕਾਰ ’ਤੇ ਪਲਟ ਗਿਆ, ਜਿਸ ਵਿਚ ਡਰਾਈਵਰ ਬੱਗਾ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ।