ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਸੈਂਕੜੇ ਕਿਸਾਨਾਂ ਨੇ ਮਲੇਰਕੋਟਲਾ ਰੇਲਵੇ ਸਟੇਸ਼ਨ ’ਤੇ ਇੰਟਰਸਿਟੀ ਟਰੇਨ ਰੋਕੀ
ਮਲੇਰਕੋਟਲਾ, 13 ਅਕਤੂਬਰ (ਪਰਮਜੀਤ ਸਿੰਘ ਕੁਠਾਲਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਰੇਲਵੇ ਟਰੈਕ ਜਾਮ ਕਰਨ ਦੇ ਦਿੱਤੇ ਸੱਦੇ ਤਹਿਤ ਅੱਜ ਜਿਲ੍ਹਾ ਮਲੇਰਕੋਟਲਾ ਦੇ ਸੈਂਕੜੇ ਕਿਸਾਨਾਂ ਨੇ ਮਲੇਰਕੋਟਲਾ ਦੇ ਰੇਲਵੇ ਸਟੇਸ਼ਨ ’ਤੇ ਧਰਨਾ ਸ਼ੁਰੂ ਕਰਕੇ ਦਿੱਲੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਵਾਲੀ ਸਰਬੱਤ ਦਾ ਭਲਾ ਇੰਟਰਸਿਟੀ ਟਰੇਨ ਨੂੰ ਰੋਕ ਲਿਆ। ਦੁਪਹਿਰ 12 ਵਜੇ ਤੋਂ ਕੁੱਝ ਮਿੰਟ ਪਹਿਲਾਂ ਹੀ ਰੇਲਵੇ ਸਟੇਸ਼ਨ ’ਤੇ ਪਹੁੰਚੇ ਵੱਡੀ ਗਿਣਤੀ ਕਿਸਾਨਾਂ ਨੇ ਠੀਕ 12 ਵਜੇ ਲੁਧਿਆਣਾ ਵੱਲ ਚੱਲਣ ਲੱਗੀ ਟਰੇਨ ਨੂੰ ਰੇਲਵੇ ਟਰੈਕ ਉਪਰ ਆ ਕੇ ਰੋਕ ਲਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਕਿਸਾਨ ਜਥੇਬੰਦੀ ਵਲੋਂ ਟਰੇਨ ਵਿਚ ਸਵਾਰ ਯਾਤਰੀਆਂ ਲਈ ਚਾਹ ਵਗੈਰਾ ਦਾ ਪ੍ਰਬੰਧ ਕੀਤਾ ਗਿਆ ਹੈ।