ਐਸ. ਡੀ. ਐਮ. ਦਿਵਿਆ ਪੀ ਨੇ ਝੋਨੇ ਦੀ ਸਰਕਾਰੀ ਖ਼ਰੀਦ ਕਰਵਾਈ ਸ਼ੁਰੂ
ਗੁਰੂ ਹਰ ਸਹਾਏ, (ਫ਼ਿਰੋਜ਼ਪੁਰ), 11 ਅਕਤੂਬਰ (ਕਪਿਲ ਕੰਧਾਰੀ)- ਐਸ. ਡੀ. ਐਮ. ਦਿਵਿਆ ਪੀ ਨੇ ਅੱਜ ਗੁਰੂ ਹਰ ਸਹਾਏ ਦੀ ਦਾਣਾ ਮੰਡੀ ਵਿਚ ਪਹੁੰਚ ਕੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ। ਇਸ ਮੌਕੇ ਉਨ੍ਹਾਂ ਦੇ ਨਾਲ ਡੀ. ਐਮ. ਓ. ਜਸਮੀਤ ਸਿੰਘ ਬਰਾੜ, ਸੈਕਟਰੀ ਮਾਰਕੀਟ ਕਮੇਟੀ ਬਿਕਰਮਜੀਤ ਸਿੰਘ, ਸੁਪਰੀਡੈਂਟ ਕੇਵਲ ਕ੍ਰਿਸ਼ਨ, ਆੜਤੀਏ ਯੂਨੀਅਨ ਦੇ ਆਗੂ ਸਿਮੂ ਮੱਕੜ ਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਇਸ ਮੌਕੇ ਗੱਲਬਾਤ ਕਰਦੇ ਹੋਏ ਐਸ. ਡੀ. ਐਮ. ਦਿਵਿਆ ਪੀ ਨੇ ਕਿਹਾ ਕਿ ਅੱਜ ਉਨ੍ਹਾਂ ਵਲੋਂ ਦਾਣਾ ਮੰਡੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ ਹੈ ਤੇ ਉਨ੍ਹਾਂ ਨੇ ਕਿਹਾ ਕਿ ਝੋਨੇ ਦੀ ਖਰੀਦ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਅਤੇ ਆੜ੍ਹਤੀਏ ਨੂੰ ਮੰਡੀਆਂ ਵਿਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਮੰਡੀਆਂ ਵਿਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਆਪਣੀ ਫ਼ਸਲ ਵੇਚਣ ਸਮੇਂ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਨੇ ਕਿਸਾਨਾਂ ਦੇ ਨਾਲ ਗੱਲਬਾਤ ਵੀ ਕੀਤੀ। ਇਸ ਤੋਂ ਪਹਿਲਾਂ ਆੜ੍ਹਤੀਆਂ ਵਲੋਂ ਮਾਰਕੀਟ ਕਮੇਟੀ ਗੁਰੂ ਹਰ ਸਹਾਏ ਵਿਖੇ ਐਸ.ਡੀ.ਐਮ. ਦਿਵਿਆ ਪੀ ਨੂੰ ਆਪਣੀਆਂ ਸਮੱਸਿਆਵਾਂ ਸੰਬੰਧੀ ਜਾਣੂ ਵੀ ਕਰਵਾਇਆ। ਇਸ ਮੌਕੇ ਗੱਲਬਾਤ ਕਰਦੇ ਹੋਏ ਡੀ. ਐਮ. ਓ. ਜਸਮੀਤ ਸਿੰਘ ਬਰਾੜ, ਮਾਰਕੀਟ ਕਮੇਟੀ ਗੁਰੂ ਹਰ ਸਹਾਏ ਦੇ ਸੈਕਟਰੀ ਬਿਕਰਮਜੀਤ ਸਿੰਘ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਨੂੰ ਲੈ ਕੇ ਬਾਰਦਾਨਾ ਢੋਆ ਢੁਆਈ ਅਤੇ ਮੰਡੀਆਂ ਵਿਚ ਕਿਸਾਨਾਂ ਦੇ ਲਈ ਹੋਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ ਕਿਸੇ ਵੀ ਕਿਸਾਨ ਅਤੇ ਆੜਤੀਏ ਨੂੰ ਮੰਡੀ ਵਿਚ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ।