JALANDHAR WEATHER

ਸਮੱਸਿਆਵਾਂ ਦਾ ਹੱਲ ਜੰਗ ਦੇ ਮੈਦਾਨ ਤੋਂ ਨਹੀਂ ਨਿਕਲ ਸਕਦਾ- ਪ੍ਰਧਾਨ ਮੰਤਰੀ

ਲਾਓਸ, 10 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸੀਆਨ ਸੰਮੇਲਨ ’ਚ ਹਿੱਸਾ ਲੈਣ ਲਈ ਲਾਓਸ ਦੇ ਦੌਰੇ ’ਤੇ ਹਨ। ਅੱਜ ਉਨ੍ਹਾਂ ਦੇ ਦੌਰੇ ਦਾ ਦੂਜਾ ਦਿਨ ਹੈ। ਆਸੀਆਨ-ਭਾਰਤ ਸੰਮੇਲਨ ਦੇ ਨਾਲ-ਨਾਲ ਪੂਰਬੀ ਏਸ਼ੀਆ ਸੰਮੇਲਨ ਵੀ ਵਿਏਨਟਿਏਨ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ। ਭਾਰਤੀ ਪ੍ਰਧਾਨ ਮੰਤਰੀ ਨੇ ਪੂਰਬੀ ਏਸ਼ੀਆ ਸੰਮੇਲਨ ਵਿਚ ਤੂਫ਼ਾਨ ਯਾਗੀ ਵਿਚ ਜਾਨਾਂ ਗੁਆਉਣ ਵਾਲੇ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਨਾਲ ਹੀ, ਗਲੋਬਲ ਸਾਊਥ ਦੇ ਦੇਸ਼ਾਂ ’ਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਚੱਲ ਰਹੇ ਸੰਘਰਸ਼ਾਂ ਦੇ ਨਕਾਰਾਤਮਕ ਪ੍ਰਭਾਵ ਦੇ ਮੱਦੇਨਜ਼ਰ, ਪ੍ਰਧਾਨ ਮੰਤਰੀ ਨੇ ਯੂਰੇਸ਼ੀਆ ਅਤੇ ਪੱਛਮੀ ਏਸ਼ੀਆ ਵਿਚ ਸ਼ਾਂਤੀ ਅਤੇ ਸਥਿਰਤਾ ਲਿਆਉਣ ਦਾ ਸੱਦਾ ਦਿੱਤਾ। 19ਵੀਂ ਈਸਟ ਏਸ਼ੀਆ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਮੱਸਿਆਵਾਂ ਦਾ ਹੱਲ ਜੰਗ ਦੇ ਮੈਦਾਨ ਤੋਂ ਨਹੀਂ ਨਿਕਲ ਸਕਦਾ। ਉਨ੍ਹਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਪੂਰੇ ਖੇਤਰ ਦੇ ਵਿਕਾਸ ਲਈ ਇਕ ਆਜ਼ਾਦ, ਖੁੱਲ੍ਹਾ, ਸਮਾਵੇਸ਼ੀ, ਖੁਸ਼ਹਾਲ ਅਤੇ ਨਿਯਮਾਂ ’ਤੇ ਆਧਾਰਿਤ ਇੰਡੋ-ਪੈਸੀਫਿਕ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦੱਖਣੀ ਚੀਨ ਸਾਗਰ ਵਿਚ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਪੂਰੇ ਭਾਰਤ-ਪ੍ਰਸ਼ਾਂਤ ਖੇਤਰ ਦੇ ਹਿੱਤ ਵਿਚ ਹੈ। ਉਨ੍ਹਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਸਮੁੰਦਰੀ ਗਤੀਵਿਧੀਆਂ ਸੰਯੁਕਤ ਰਾਸ਼ਟਰ ਕਨਵੈਨਸ਼ਨ ਆਨ ਦ ਲਾਅ ਆਫ਼ ਦਾ ਸੀ, ਦੇ ਤਹਿਤ ਹੋਣੀਆਂ ਚਾਹੀਦੀਆਂ ਹਨ। ਇਹ ਨੇਵੀਗੇਸ਼ਨ ਅਤੇ ਹਵਾਈ ਸਪੇਸ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਪਹੁੰਚ ਵਿਕਾਸ ਦੀ ਹੋਣੀ ਚਾਹੀਦੀ ਹੈ ਨਾ ਕਿ ਵਿਸਤਾਰਵਾਦ ਦੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਬੁੱਧ ਦੀ ਧਰਤੀ ਤੋਂ ਆਇਆ ਹਾਂ ਅਤੇ ਮੈਂ ਵਾਰ-ਵਾਰ ਕਿਹਾ ਹੈ ਕਿ ਇਹ ਯੁੱਧ ਦਾ ਯੁੱਗ ਨਹੀਂ ਹੈ। ਸਮੱਸਿਆਵਾਂ ਦਾ ਹੱਲ ਜੰਗ ਦੇ ਮੈਦਾਨ ਤੋਂ ਨਹੀਂ ਨਿਕਲ ਸਕਦਾ। ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦਾ ਸਤਿਕਾਰ ਕਰਨਾ ਮਹੱਤਵਪੂਰਨ ਹੈ। ਮਾਨਵਤਾਵਾਦੀ ਪਹੁੰਚ ਰੱਖਦਿਆਂ ਸੰਵਾਦ ਅਤੇ ਕੂਟਨੀਤੀ ਨੂੰ ਪਹਿਲ ਦੇਣੀ ਪਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ