ਪੰਚਾਇਤੀ ਚੋਣ ਪ੍ਰਕਿਰਿਆ ਰੱਦ ਕਰਕੇ ਕੇਂਦਰੀ ਫੋਰਸਾਂ ਦੀ ਨਿਗਰਾਨੀ ਹੇਠ ਹੋਣ ਚੋਣਾਂ- ਡਾ. ਰਾਜ ਕੁਮਾਰ ਵੇਰਕਾ
ਛੇਹਰਟਾ, (ਅੰਮ੍ਰਿਤਸਰ), 9 ਅਕਤੂਬਰ (ਪੱਤਰ ਪ੍ਰੇਰਕ)- ਸਾਬਕਾ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਪ੍ਰੈਸ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਅੱਜ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਦਾ ਇਤਿਹਾਸਿਕ ਫੈਸਲਾ ਹੋਇਆ ਹੈ ਕਿਉਂਕਿ ਅਦਾਲਤ ਨੇ ਮਹਿਸੂਸ ਕੀਤਾ ਹੈ ਕਿ ਪੰਜਾਬ ਸਰਕਾਰ ਸੂਬੇ ਵਿਚ ਨਿਰਪੱਖ ਪੰਚਾਇਤੀ ਚੋਣਾਂ ਕਰਾਉਣ ’ਚ ਫੇਲ੍ਹ ਸਾਬਤ ਹੋਈ ਹੈ, ਇਸ ਲਈ ਹਾਈਕੋਰਟ ਵਲੋਂ ਮੁੱਖ ਮੰਤਰੀ ਪੰਜਾਬ ਤੇ ਸਰਕਾਰ ਨੂੰ ਫਟਕਾਰ ਲਗਾਈ ਹੈ ਤੇ ਇਹ ਗੱਲ ਕਹੀ ਹੈ ਕਿ 250 ਤੋਂ ਵੱਧ ਜਿੰਨੀਆਂ ਵੀ ਪਟੀਸ਼ਨਾਂ ਹਾਈਕੋਰਟ ’ਚ ਆਈਆਂ ਹਨ, ਉਹ ਸਾਰੀਆਂ ਦੀਆ ਸਾਰੀਆਂ ਪੰਚਾਇਤਾਂ ਦੀਆਂ ਚੋਣਾਂ ’ਤੇ ਫਿਲਹਾਲ ਰੋਕ ਲਗਾ ਦਿੱਤੀ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਵਲੋਂ ਪੰਚਾਇਤੀ ਚੋਣਾਂ ਵਿਚ 10 ਹਜ਼ਾਰ ਤੋਂ ਵੱਧ ਲੋਕਾਂ ਦੇ ਨਾਮਜ਼ਦਗੀ ਪੇਪਰ ਰੱਦ ਕੀਤੇ ਗਏ ਹਨ, ਉਨਾਂ ਦਾ ਵਾਲੀ ਵਾਰਸ ਕੌਣ ਹੈ ਤੇ ਅਸੀਂ ਮੰਗ ਕਰਦੇ ਹਾਂ ਕਿ ਸਾਰੀ ਪੰਚਾਇਤੀ ਚੋਣ ਪ੍ਰਕਿਰਿਆ ਰੱਦ ਹੋਣੀ ਚਾਹੀਦੀ ਹੈ ਤੇ ਦੁਬਾਰਾ ਕੇਂਦਰੀ ਫੋਰਸਾਂ ਦੀ ਨਿਗਰਾਨੀ ਹੇਠ ਚੋਣਾਂ ਹੋਣੀਆ ਚਾਹੀਦੀਆ ਹੈ ਤਾਂ ਕਿ ਸੂਬੇ ਵਿਚ ਲੋਕਤੰਤਰ ਦੀ ਬਹਾਲੀ ਹੋ ਸਕੇ।