ਕਪੂਰਥਲਾ, 12 ਅਕਤੂਬਰ (ਵਿ.ਪ੍ਰ.)-ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਐਸੋਸੀਏਸ਼ਨ ਦੇ ਚੇਅਰਮੈਨ ਗੁਰਮੀਤ ਸਿੰਘ, ਕਾਰਜਕਾਰੀ ਪ੍ਰਧਾਨ ਤਿਲਕ ਰਾਜ ਦੀ ਅਗਵਾਈ ਵਿਚ ਸਥਾਨਕ ਬੱਸ ਸਟੈਂਡ ਵਿਖੇ ਹੋਈ | ਰੋਹ ਵਿਚ ਆਏ ਪੈਨਸ਼ਨਰਾਂ ਨੇ ਪੀ.ਆਰ.ਟੀ.ਸੀ. ਦੀ ਮੈਨੇਜਮੈਂਟ ਵਲੋਂ ਅਜੇ ਤੱਕ ਉਨ੍ਹਾਂ ਨੂੰ ਪੈਨਸ਼ਨ ਦੀ ਅਦਾਇਗੀ ਨਾ ਕੀਤੇ ਜਾਣ ‘ਤੇ ਰੋਸ ਪ੍ਰਗਟ ਕੀਤਾ | ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਦੋਵਾਂ ਆਗੂਆਂ ਨੇ ਕਿਹਾ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਪੀ.ਆਰ.ਟੀ.ਸੀ. ਦੀ ਮੈਨੇਜਮੈਂਟ ਨੂੰ ਹਦਾਇਤ ਕੀਤੀ ਗਈ ਸੀ ਕਿ ਪੈਨਸ਼ਨਰਾਂ ਨੂੰ ਹਰੇਕ ਮਹੀਨੇ ਦੀ 10 ਤਾਰੀਕ ਤੋਂ ਪਹਿਲਾਂ ਉਨ੍ਹਾਂ ਦੀ ਪੈਨਸ਼ਨ ਦੇਣੀ ਯਕੀਨੀ ਬਣਾਈ ਜਾਵੇ, ਪਰ ਇਸ ਹੁਕਮ ਦੇ ਬਾਵਜੂਦ ਵੀ ਮੈਨੇਜਮੈਂਟ ਵਲੋਂ ਅਜੇ ਤੱਕ ਸਤੰਬਰ ਮਹੀਨੇ ਦੀ ਪੈਨਸ਼ਨ ਜਾਰੀ ਨਹੀਂ ਕੀਤੀ ਗਈ ਤੇ ਨਾ ਹੀ ਇਕ ਸਾਲ ਤੋਂ ਪਏ ਮੈਡੀਕਲ ਬਿੱਲਾਂ ਦੀ ਕੋਈ ਅਦਾਇਗੀ ਹੋਈ ਹੈ | ਉਨ੍ਹਾਂ ਪੀ.ਆਰ.ਟੀ.ਸੀ. ਦੀ ਮੈਨੇਜਮੈਂਟ ਨੂੰ ਜ਼ੋਰ ਦੇ ਕੇ ਕਿਹਾ ਕਿ ਮਾਨਯੋਗ ਹਾਈਕੋਰਟ ਦੇ ਹੁਕਮਾਂ ਨੂੰ ਮੁੱਖ ਰੱਖਦਿਆਂ ਪੈਨਸ਼ਨਰਾਂ ਨੂੰ ਨਿਸ਼ਚਿਤ ਸਮੇਂ ਤੋਂ ਪਹਿਲਾਂ ਪੈਨਸ਼ਨ ਦੀ ਅਦਾਇਗੀ ਕੀਤੀ ਜਾਵੇ | ਮੀਟਿੰਗ ਵਿਚ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਿਤ 7 ਪੈਨਸ਼ਨਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਮੀਟਿੰਗ ਨੂੰ ਐਸੋਸੀਏਸ਼ਨ ਦੇ ਸਕੱਤਰ ਜਰਨੈਲ ਸਿੰਘ, ਜਨਰਲ ਸਕੱਤਰ ਤਰਸੇਮ ਸਿੰਘ ਸੈਣੀ ਤੇ ਲਖਵਿੰਦਰ ਸਿੰਘ ਤੇ ਸਿਲੰਦਰ ਸਿੰਘ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਰੇਸ਼ਮ ਸਿੰਘ, ਅਨਿਲ ਸੂਦ, ਸੁੱਖਰਾਮ, ਭਗਵਾਨ ਸਿੰਘ, ਗੁਰਮੇਲ ਸਿੰਘ, ਜੈਮਲ ਸਿੰਘ, ਰਾਮ ਪ੍ਰਕਾਸ਼, ਇੰਦਰਮੋਹਨਜੀਤ ਸਿੰਘ, ਮਾਤਾ ਸੇਵਕ ਸਿੰਘ ਆਦਿ ਆਗੂ ਹਾਜ਼ਰ ਸਨ | ਸਟੇਟ ਬੈਂਕ ਆਫ਼ ਇੰਡੀਆ ਦੇ ਬਾਹਰੋਂ ਮੋਟਰਸਾਈਕਲ ਚੋਰੀ ਕਪੂਰਥਲਾ, 12 ਅਕਤੂਬਰ (ਸਡਾਨਾ)-ਸਥਾਨਕ ਮਾਲ ਰੋਡ ’ਤੇ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੇ ਬਾਹਰੋਂ ਅਣਪਛਾਤਾ ਚੋਰ ਇਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਕਰਕੇ ਫ਼ਰਾਰ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਭਾਗ ਵਿਚ ਕੰਮ ਕਰਦੇ ਮੁਲਾਜ਼ਮ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਦੁਪਹਿਰ ਕਰੀਬ 1 ਵਜੇ ਆਪਣੇ ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ. 09 ਏ.ਬੀ. 7271 ‘ਤੇ ਸਵਾਰ ਹੋ ਕੇ ਸਟੇਟ ਬੈਂਕ ਆਫ਼ ਇੰਡੀਆ ਮਾਲ ਰੋਡ ‘ਤੇ ਜ਼ਰੂਰੀ ਕੰਮ ਲਈ ਆਇਆ ਸੀ | ਜਦੋਂ ਕੁੱਝ ਮਿੰਟਾਂ ਬਾਅਦ ਉਹ ਬੈਂਕ ਤੋਂ ਬਾਹਰ ਆਇਆ ਤਾਂ ਉਸਦਾ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ | ਸ਼ਿਕਾਇਤਕਰਤਾ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਦੇਖਣ ‘ਤੇ ਪਤਾ ਲੱਗਾ ਕਿ ਇਕ ਅਣਪਛਾਤਾ ਵਿਅਕਤੀ ਨਕਲੀ ਚਾਬੀ ਲਗਾਕੇ ਉਸਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਹੈ | ਉਕਤ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |