ਕਪੂਰਥਲਾ, 10 ਸਤੰਬਰ (ਵਿ.ਪ੍ਰ.)-ਪਸ਼ੂ ਪਾਲਣ ਵਿਭਾਗ ਕਪੂਰਥਲਾ ਵਲੋਂ ਸ੍ਰੀ ਗੋਬਿੰਦ ਗੋਧਾਮ ਗਊਸ਼ਾਲਾ ਵਿਖੇ ਡਾ. ਬਲਵਿੰਦਰ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਕਪੂਰਥਲਾ ਦੀ ਦੇਖ ਰੇਖ ਹੇਠ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਵਿਚ ਗਊਸ਼ਾਲਾ ਸਟਾਫ਼ ਨੂੰ ਬਦਲਦੇ ਮੌਸਮ ਦੌਰਾਨ ਪਸ਼ੂਆਂ ਦੀ ਸਿਹਤ ਸੰਭਾਲ, ਚਿੱਚੜਾਂ ਤੋਂ ਬਚਾਅ ਤੇ ਲੰਪੀਸਕਿਨ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ | ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਵੈਟਰਨਰੀ ਪੋਲੀਕਲੀਨਿਕ ਕਪੂਰਥਲਾ ਦੇ ਵੈਟਰਨਰੀ ਅਫ਼ਸਰ ਡਾ. ਨਵਨੀਤ ਕੌਰ ਤੇ ਡਾ. ਊਦੇ ਸਿੰਘ ਖਿੰਡਾ ਵਲੋਂ ਆਪਣੀ ਪ੍ਰੋਬੇਸ਼ਨ ਸਫ਼ਲਤਾ ਪੂਰਵਕ ਮੁਕੰਮਲ ਹੋਣ ‘ ਤੇ ਸਰਕਾਰ ਵਲੋਂ ਪੂਰੀ ਤਨਖ਼ਾਹ ਪ੍ਰਾਪਤ ਹੋਣ ਤੋਂ ਬਾਅਦ ਸੇਵਾ ਭਾਵਨਾ ਨਾਲ ਗਊਸ਼ਾਲਾ ਨੂੰ ਲਗਭਗ 10 ਹਜ਼ਾਰ ਰੁਪਏ ਦੀਆਂ ਦਵਾਈਆਂ ਦਿੱਤੀਆਂ ਗਈਆਂ | ਉਨ੍ਹਾਂ ਕਿਹਾ ਕਿ ਦਾਨ ਕੀਤੀਆਂ ਦਵਾਈਆਂ ’ਚੋਂ ਮਿਨਰਲ ਮਿਕਚਰ, ਡੀ.ਵਾਰਮਰ, ਜ਼ਖ਼ਮਾਂ ਲਈ ਸਪਰੇਅ, ਐਂਟੀ ਬਾਇਓਟਿਕਸ, ਬੁਖ਼ਾਰ ਘਟਾਉਣ ਤੇ ਦਰਦ ਨਿਵਾਰਕ ਦਵਾਈਆਂ, ਲਿਬਰਟੋਨਿਕ ਆਦਿ ਸ਼ਾਮਿਲ ਹਨ | ਉਨ੍ਹਾਂ ਡਾ. ਨਵਨੀਤ ਕੌਰ ਤੇ ਡਾ. ਊਦੇ ਸਿੰਘ ਖਿੰਡਾ ਦੀ ਸ਼ਲਾਘਾ ਕੀਤੀ | ਉਨ੍ਹਾਂ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸ਼ੂ ਧਨ ਦੀ ਸੇਵਾ ਤੇ ਸਮਾਜਿਕ ਜ਼ਿੰਮੇਵਾਰੀ ਲਈ ਪ੍ਰੇਰਿਤ ਕੀਤਾ | ਗਊਸ਼ਾਲਾ ਦੇ ਪ੍ਰਧਾਨ ਰਕੇਸ਼ ਚੋਪੜਾ ਨੇ ਡਾ. ਨਵਨੀਤ ਕੌਰ ਤੇ ਡਾ. ਊਦੇ ਸਿੰਘ ਖਿੰਡਾ ਤੇ ਪਸ਼ੂ ਪਾਲਣ ਸਟਾਫ਼ ਦਾ ਤਹਿਦਿਲੋਂ ਧੰਨਵਾਦ ਕੀਤਾ | ਗਊਸ਼ਾਲਾ ਦੇ ਪ੍ਰਬੰਧਕਾਂ ਵਲੋਂ ਦੋਵਾਂ ਵੈਟਰਨਰੀ ਡਾਕਟਰਾਂ ਤੇ ਵਿਭਾਗੀ ਸਟਾਫ਼ ਨੂੰ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ |