24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਸਦਰ ਬਾਜ਼ਾਰ ਵਿਚ ਡੂੰਘੇ ਖੱਡਿਆਂ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਦਾ ਫੁੱਟਿਆ ਗ਼ੁੱਸਾ-ਪ੍ਰਸ਼ਾਸਨ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਅਜੀਤ ਡੈਸਕ 16-07-2026
ਸੁਲਤਾਨਪੁਰ ਲੋਧੀ, 15 ਜੁਲਾਈ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਦੇ ਸਦਰ ਬਾਜ਼ਾਰ ਵਿਚ ਸੜਕ ਦੀ ਖਸਤਾ ਹਾਲਤ ਅਤੇ ਡੂੰਘੇ ਖੱਡਿਆਂ ਤੋਂ ਪਰੇਸ਼ਾਨ ਦੁਕਾਨਦਾਰਾਂ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਉਨ੍ਹਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਮੰਗ ਕੀਤੀ ਕਿ ਬਾਜ਼ਾਰ ਦੀ ਸੜਕ ਨੂੰ ਤੁਰੰਤ ਬਣਾਇਆ ਜਾਵੇ ਅਤੇ ਲੰਮੇ ਸਮੇਂ ਤੋਂ ਚੱਲ ਰਹੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ | ਦੁਕਾਨਦਾਰਾਂ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਵਾਟਰ ਸਪਲਾਈ ਪਾਈਪ ਪਾਉਣ ਲਈ ਸਦਰ ਬਾਜ਼ਾਰ ਦੀ ਸੜਕ ਪੁੱਟੀ ਗਈ ਸੀ ਪਰ ਕੰਮ ਪੂਰਾ ਹੋਣ ਤੋਂ ਬਾਅਦ ਸੜਕ ਦੀ ਮੁਰੰਮਤ ਨਹੀਂ ਕੀਤੀ ਗਈ | ਪਾਈਪ ਪਾਉਣ ਲਈ ਬਣਾਏ ਗਏ ਡੂੰਘੇ ਖੱਡੇ ਅੱਜ ਵੀ ਲੋਕਾਂ ਲਈ ਵੱਡੀ ਮੁਸੀਬਤ ਬਣੇ ਹੋਏ ਹਨ | ਦੁਕਾਨਦਾਰਾਂ ਨੇ ਕਿਹਾ ਕਿ ਟੁੱਟੀ ਸੜਕ, ਖੱਡਿਆਂ ਤੇ ਬੇਤਰਤੀਬ ਟ੍ਰੈਫਿਕ ਪ੍ਰਬੰਧ ਕਾਰਨ ਹਰ ਰੋਜ਼ਾਨਾ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ | ਬਰਸਾਤ ਦੇ ਦਿਨਾਂ ਵਿਚ ਖੱਡਿਆਂ ਵਿਚ ਪਾਣੀ ਭਰ ਜਾਣ ਕਾਰਨ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ | ਦੋਪਹੀਆ ਵਾਹਨ ਚਾਲਕ, ਬਜ਼ੁਰਗ ਅਤੇ ਪੈਦਲ ਚੱਲਣ ਵਾਲੇ ਲੋਕ ਸਭ ਤੋਂ ਵੱਧ ਪਰੇਸ਼ਾਨ ਹਨ | ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਇੱਕ ਇਤਿਹਾਸਕ ਅਤੇ ਧਾਰਮਿਕ ਨਗਰੀ ਹੈ ਜਿੱਥੇ ਰੋਜ਼ਾਨਾ ਵੱਡੀ ਗਿਣਤੀ ਵਿਚ ਸ਼ਰਧਾਲੂ ਆਉਂਦੇ ਹਨ | ਰੇਲਵੇ ਸਟੇਸ਼ਨ ਤੋਂ ਧਾਰਮਿਕ ਸਥਾਨਾਂ ਵੱਲ ਜਾਣ ਵਾਲੇ ਰਸਤਿਆਂ ਵਿਚ ਖ਼ਰਾਬ ਸੜਕਾਂ ਕਾਰਨ ਸ਼ਰਧਾਲੂਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੁਕਾਨਦਾਰਾਂ ਵੱਲੋਂ ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਸ਼ਿਵ ਮੰਦਰ ਚੌੜਾ ਖੂਹ ਦੇ ਪ੍ਰਧਾਨ ਰਾਕੇਸ਼ ਕੁਮਾਰ ਨੀਟੂ, ਡਿੰਪਲ ਟੰਡਨ, ਗੋਰਾ ਗੁਜਰਾਲ, ਸੋਨੂੰ ਸ਼ਾਹ, ਭਜਨ, ਰਮਨ, ਅਨਿਲ ਧੀਰ ਅਤੇ ਬਾਬਾ ਬਲੌਰੀ ਨਾਥ ਨੇ ਦੋਸ਼ ਲਗਾਇਆ ਕਿ ਬਾਜ਼ਾਰ ਦੀ ਖ਼ਰਾਬ ਹਾਲਤ ਦਾ ਸਿੱਧਾ ਅਸਰ ਉਨ੍ਹਾਂ ਦੇ ਕਾਰੋਬਾਰ ‘ਤੇ ਪੈ ਰਿਹਾ ਹੈ | ਸੜਕ ‘ਤੇ ਬਣੇ ਖੱਡਿਆਂ, ਜਾਮ ਅਤੇ ਅਵਿਵਸਥਾ ਕਾਰਨ ਗਾਹਕ ਬਾਜ਼ਾਰ ਵਿਚ ਆਉਣ ਤੋਂ ਕਤਰਾਉਂਦੇ ਹਨ, ਜਿਸ ਨਾਲ ਦੁਕਾਨਦਾਰਾਂ ਦੀ ਦੁਕਾਨਦਾਰੀ ਪ੍ਰਭਾਵਿਤ ਹੋ ਰਹੀ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਸੜਕ ਦਾ ਨਿਰਮਾਣ ਕਰਵਾਇਆ ਜਾਵੇ ਅਤੇ ਵਾਟਰ ਸਪਲਾਈ ਦੇ ਕੰਮ ਤੋਂ ਬਾਅਦ ਛੱਡੇ ਗਏ ਖੱਡਿਆਂ ਨੂੰ ਭਰਿਆ ਜਾਵੇ | ਦੁਕਾਨਦਾਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ |
ਪਿਛਲੀ ਖ਼ਬਰ ਕਸਬਾ ਨਡਾਲਾ ਦੀ ਫਿਰਨੀ ਵਾਲੀ ਸੜਕ ਨਗਰ ਪੰਚਾਇਤ ਦੇ ਅਧੀਨ ਨਹੀਂ ਆਉਂਦੀ-ਇੰਸਪੈਕਟਰ ਸੰਦੀਪ ਕੁਮਾਰ ਅਗਲੀ ਖ਼ਬਰ ਕੌਂਸਲਰ ਕਸ਼ਮੀਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਸ਼ੁਕਰਾਨੇ ਲਈ ਕਰਵਾਇਆ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।