08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਮੁੱਖ ਡਾਕ ਘਰ ਮੁਹਰੇ ਧਰਨਾ

ਅਜੀਤ ਡੈਸਕ 15-07-2026

ਕਪੂਰਥਲਾ, 14 ਜੁਲਾਈ (ਅਮਰਜੀਤ ਕੋਮਲ)-ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਕਪੂਰਥਲਾ ਡਵੀਜ਼ਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਡਾਕਘਰ ਮੋਹਰੇ ਯੂਨੀਅਨ ਦੇ ਡਵੀਜ਼ਨ ਪ੍ਰਧਾਨ ਕੁਲਦੀਪ ਸਿੰਘ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਗਿਆ | ਇਸ ਮੌਕੇ ਰੋਹ ਵਿਚ ਆਏ ਡਾਕ ਵਿਭਾਗ ਦੇ ਮੁਲਾਜ਼ਮਾਂ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ | ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਡਵੀਜ਼ਨ ਸਕੱਤਰ ਕੁਲਦੀਪ ਸਿੰਘ ਸਹੋਤਾ ਨੇ ਡਾਕ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਦੀ ਕਪੂਰਥਲਾ ਡਵੀਜ਼ਨ ਵਿਚ ਏ.ਬੀ.ਪੀ.ਐੱਮ ਦੀਆਂ ਪੋਸਟਾਂ ਪਹਿਲਾਂ ਵੀ ਖ਼ਤਮ ਕੀਤੀਆਂ ਜਾ ਚੁੱਕੀਆਂ ਹਨ ਤੇ ਹੁਣ ਲਗਪਗ 250 ਦੇ ਕਰੀਬ ਫਿਰ ਇਹ ਪੋਸਟਾਂ ਖ਼ਤਮ ਕੀਤੀਆਂ ਜਾ ਰਹੀਆਂ ਹਨ ਜਿਸਦਾ ਯੂਨੀਅਨ ਡੱਟ ਕੇ ਵਿਰੋਧ ਕਰੇਗੀ | ਡਵੀਜ਼ਨ ਸਕੱਤਰ ਨੇ ਡਾਕ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਏ.ਬੀ.ਪੀ.ਐੱਮ. ਦੀਆਂ ਪੋਸਟਾਂ ਬਰਕਰਾਰ ਰੱਖੀਆਂ ਜਾਣ | ਉਨ੍ਹਾਂ ਡਾਕ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਗ੍ਰਾਮੀਣ ਡਾਕ ਸੇਵਕਾਂ ਨੂੰ ਪ੍ਰੇਸ਼ਾਨ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਗ੍ਰਾਮੀਣ ਡਾਕ ਸੇਵਕਾਂ ਨੂੰ ਹਰ ਮਹੀਨੇ 10 ਹਜ਼ਾਰ ਦੇ ਅੰਤਰਰਾਸ਼ਟਰੀ ਪਾਰਸਲ ਬੁੱਕ ਕਰਨ ਲਈ ਕਿਹਾ ਜਾ ਰਿਹਾ ਹੈ ਤੇ ਅਸੀਮਿਤ ਟੀਚਿਆਂ ਦੀ ਪ੍ਰਾਪਤੀ ਲਈ ਉਨ੍ਹਾਂ ‘ਤੇ ਦਬਾਅ ਪਾ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਬਠਿੰਡਾ ਡਵੀਜ਼ਨ ਵਿਚ ਕੁੱਝ ਗ੍ਰਾਮੀਣ ਡਾਕ ਸੇਵਕਾਂ ਨੂੰ ਬਿਨਾਂ ਕਿਸੇ ਢੁਕਵੀਂ ਚਾਰਜਸ਼ੀਟ ਦੇ ਨੌਕਰੀ ਤੋਂ ਬਰਖ਼ਾਸਤ ਕੀਤੇ ਜਾਣ ਦਾ ਨੋਟਿਸ ਲੈਂਦਿਆਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਕਿ ਇਸ ਮਾਮਲੇ ਦੀ ਮੁੜ ਸਮੀਖਿਆ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਇਸਤੋਂ ਪਹਿਲਾਂ ਪੰਜਾਬ ਸਰਕਲ ਦੇ ਗ੍ਰਾਮੀਣ ਡਾਕ ਸੇਵਕਾਂ ਤੇ ਡਾਕ ਕਰਮਚਾਰੀਆਂ ਵਲੋਂ ਲਗਾਤਾਰ ਡਵੀਜ਼ਨ ਪੱਧਰ ‘ਤੇ ਰੋਸ ਵਿਖਾਵੇ ਕੀਤੇ ਜਾ ਰਹੇ ਹਨ ਪਰ ਸਰਕਲ ਪ੍ਰਸ਼ਾਸਨ ਵਲੋਂ ਇਨ੍ਹਾਂ ਰੋਸ ਵਿਖਾਵਿਆਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ | ਧਰਨੇ ਨੂੰ ਸਰਕਲ ਸਕੱਤਰ ਜਗਤਾਰ ਸਿੰਘ, ਡਵੀਜ਼ਨ ਦੇ ਸਰਕਲ ਸਕੱਤਰ ਜਸਬੀਰ ਸਿੰਘ, ਅੰਮਿ੍ਤਸਰ ਤੋਂ ਅਜਾਇਬ ਸਿੰਘ ਡਵੀਜ਼ਨਲ ਸਕੱਤਰ, ਯੂਨੀਅਨ ਦੇ ਸੂਬਾਈ ਪ੍ਰਧਾਨ ਸੁਰਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਹਰਜੀਤ ਸਿੰਘ, ਕੁਲਦੀਪ ਸਿੰਘ, ਕਪੂਰ ਸਿੰਘ, ਮਦਨ ਲਾਲ, ਸਰਬਜੀਤ ਕੌਰ, ਗੁਰਦੇਵ ਕੌਰ, ਅਮਨਦੀਪ ਸਿੰਘ, ਜਗਤਾਰ ਸਿੰਘ, ਬਲਵਿੰਦਰ ਕੁਮਾਰ, ਬਲਵਿੰਦਰ ਸਿੰਘ, ਰਾਜ ਕੁਮਾਰ, ਗੁਰਮੀਤ ਸਿੰਘ, ਸ਼ਿਵਮੁਨੀ, ਬਲਬੀਰ ਚੰਦਰ, ਤਰਲੋਕ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸੁਲਤਾਨਪੁਰ ਲੋਧੀ ਵਿਖੇ 18 ਨੂੰ ਲੱਗੇਗੀ ‘ਮੇਗਾ ਤੀਜ’ ਪ੍ਰਦਰਸ਼ਨੀ ਅਗਲੀ ਖ਼ਬਰ ਐਡਵੋਕੇਟ ਧਾਮੀ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਵੇਂ ਬਣੇ ਖਜ਼ਾਨਾ ਗਿਣਤੀ ਹਾਲ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।