19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੇ ਨਸ਼ਿਆਂ ਦੀ ਅਲਾਮਤ ਦੇ ਖ਼ਾਤਮੇ ਵਿਚ ਅਹਿਮ ਭੂਮਿਕਾ ਨਿਭਾਈ-ਡਾ. ਰਾਜ ਕੁਮਾਰ ਚੱਬੇਵਾਲ

ਅਜੀਤ ਡੈਸਕ 24-06-2026


ਕਪੂਰਥਲਾ, 23 ਜੂਨ (ਅਮਰਜੀਤ ਕੋਮਲ)-ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੇ ਨਸ਼ਿਆਂ ਦੀ ਅਲਾਮਤ ਦੇ ਖ਼ਾਤਮੇ ਵਿਚ ਅਹਿਮ ਭੂਮਿਕਾ ਨਿਭਾਈ ਹੈ, ਜਿਸ ਕਾਰਨ ਪੰਜਾਬ ਹੁਣ ਬਦਲਦੇ ਪੰਜਾਬ ਵੱਲ ਵੱਧ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਨੇ ਅੱਜ ਸਥਾਨਕ ਵਿਰਸਾ ਵਿਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸਮੀਖਿਆ ਉਪਰੰਤ ਪਿੰਡ ਰੱਖਿਆ ਕਮੇਟੀਆਂ ਦੇ ਵਲੰਟੀਅਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਨਸ਼ਾ ਤਸਕਰੀ ਨੂੰ ਠੱਲ ਪਾਉਣ ਲਈ ਪੁਲਿਸ ਵਲੋਂ ਕੀਤੀ ਗਈ ਨਿਰੰਤਰ ਕਾਰਵਾਈ ਦੀ ਸ਼ਲਾਘਾ ਕੀਤੀ ਤੇ ਨਾਲ ਹੀ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਤੋਂ ਸਹਿਯੋਗ ਮੰਗਿਆ ਤਾਂ ਜੋ ਇਸ ਸਮਾਜਿਕ ਸਮੱਸਿਆ ਨੂੰ ਸੂਬੇ ਵਿਚੋਂ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕੇ | ਉਨ੍ਹਾਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਪੁਲਿਸ ਵਲੋਂ ਲਗਭਗ ਸਵਾ ਸਾਲ ਵਿਚ ਨਸ਼ਾ ਤਸਕਰਾਂ ਵਿਰੁੱਧ 49580 ਕੇਸ ਦਰਜ ਕਰਕੇ 69393 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ ਜਿਸ ਨਾਲ ਰਾਜ ਵਿਚ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਸੱਟ ਵੱਜੀ ਹੈ | ਇਸ ਤੋਂ ਪਹਿਲਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਗੌਰਵ ਤੂਰਾ ਐਸ.ਐਸ.ਪੀ. ਕਪੂਰਥਲਾ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਨੇ ਐਨ.ਡੀ.ਪੀ.ਐਸ. ਐਕਟ ਤਹਿਤ 1600 ਕੇਸ ਦਰਜ ਕਰਕੇ ਦੋ ਹਜ਼ਾਰ ਤੋਂ ਵੱਧ ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਹੈ ਤੇ ਲਗਭਗ 18 ਕਰੋੜ ਦੀਆਂ ਉਨ੍ਹਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ ਤੇ ਨਸ਼ਾ ਤਸਕਰਾਂ ਨਾਲ ਸਬੰਧਿਤ 13 ਉਸਾਰੀਆਂ ਢਾਹੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦੇ ਨਾਲ-ਨਾਲ ਪੁਲਿਸ ਨੇ ਨਸ਼ਾ ਪੀੜਤ ਨੌਜਵਾਨਾਂ ਦੇ ਮੁੜ ਵਸੇਬੇ ਵੱਲ ਵਿਸ਼ੇਸ਼ ਧਿਆਨ ਦਿੰਦਿਆਂ ਹੁਣ ਤੱਕ 1090 ਨੌਜਵਾਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿਚ ਭਰਤੀ ਕਰਵਾਇਆ ਗਿਆ ਹੈ, ਜਦਕਿ 2360 ਵਿਅਕਤੀਆਂ ਨੂੰ ਓਟ ਸੈਂਟਰਾਂ ਰਜਿਸਟਰਡ ਕਰਕੇ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਐਸ.ਐਸ.ਪੀ. ਨੇ ਦੱਸਿਆ ਕਿ 750 ਵਿਅਕਤੀਆਂ ਨੂੰ ਮੁਕੱਦਮੇ ਤੋਂ ਛੋਟ ਦੇਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ, ਜਿਨ੍ਹਾਂ ਨੇ ਆਪਣੇ ਆਪ ਨਸ਼ਾ ਛੱਡਣ ਲਈ ਉਨ੍ਹਾਂ ਦਾ ਇਲਾਜ ਕਰਵਾਉਣ ਲਈ ਬੇਨਤੀ ਕੀਤੀ ਸੀ | ਉਨ੍ਹਾਂ ਕਿਹਾ ਕਿ ਸਬੰਧਿਤ ਵਿਅਕਤੀਆਂ ਵਿਰੁੱਧ ਐਨ.ਡੀ.ਪੀ.ਐਸ. ਦੀ ਧਾਰਾ 64ਏ ਤਹਿਤ ਮੁਕੱਦਮੇ ਮੁਲਤਵੀ ਕਰ ਦਿੱਤੇ ਗਏ ਹਨ | ਮੀਟਿੰਗ ਨੂੰ ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਤੇ ਆਪ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਕਪੂਰਥਲਾ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਤੇ ਨਸ਼ਾ ਮੁਕਤੀ ਮੋਰਚਾ ਦੁਆਬਾ ਦੇ ਇੰਚਾਰਜ ਅਤਿਨ ਅਗਨੀਹੋਤਰੀ ਤੇ ਨਸ਼ਾ ਮੁਕਤੀ ਮੋਰਚੇ ਦੇ ਜ਼ਿਲ੍ਹਾ ਕੋਆਰਡੀਨੇਟਰ ਸੀਮਾ ਰਾਣਾ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ, ਵਰਿੰਦਰਪਾਲ ਸਿੰਘ ਬਾਜਵਾ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ, ਐਸ.ਡੀ.ਐਮ. ਮੇਜਰ ਡਾ. ਇਰਵਿਨ ਕੌਰ, ਐਸ.ਪੀ. ਡੀ. ਹਰਿੰਦਰ ਸਿੰਘ ਗਿੱਲ ਤੋਂ ਇਲਾਵਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਨਾਲ ਸਬੰਧਿਤ ਹੋਰ ਅਧਿਕਾਰੀ ਹਾਜ਼ਰ ਸਨ |

ਪਿਛਲੀ ਖ਼ਬਰ ਫਿਰੌਤੀ ਦੀਆਂ ਧਮਕੀਆਂ ਤੋਂ ਬਾਅਦ ਰੈਸਟੋਰੈਂਟ ਦੇ ਬਾਹਰ ਗੂੰਜੀ ਗੋਲੀ ਦੀ ਆਵਾਜ਼ ਅਗਲੀ ਖ਼ਬਰ ਗੋਲਕ ਵਿਚੋਂ ਚੜ੍ਹਾਵਾ ਰਾਸ਼ੀ ਚੋਰੀ ਕਰ ਕੇ ਚੋਰ ਹੋਏ ਰਫੂਚੱਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।