10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਪੰਜਾਬੀਆਂ ਨੂੰ ‘ਇਮੋਸ਼ਨਲ ਬਲੱਡੀ ਫੂਲ’ ਕਹਿਣ ਦੇ ਵਿਰੋਧ ’ਚ ਕਾਂਗਰਸ ਨੇ ਫੂਕਿਆ ਭਾਜਪਾ ਦਾ ਪੁਤਲਾ

ਅਜੀਤ ਡੈਸਕ 20-06-2026

ਫਗਵਾੜਾ, 19 ਜੂਨ (ਹਰਜੋਤ ਸਿੰਘ ਚਾਨਾ)- ਚੰਡੀਗੜ੍ਹ ਭਾਜਪਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਵਲੋਂ ਇੱਕ ਪ੍ਰੋਗਰਾਮ ਦੌਰਾਨ ਕਥਿਤ ਤੌਰ ‘ਤੇ ਪੰਜਾਬੀਆਂ ਨੂੰ ‘ਇਮੋਸ਼ਨਲ ਬਲੱਡੀ ਫੂਲ’ ਕਹੇ ਜਾਣ ਦੇ ਵਿਰੋਧ ਵਿਚ ਅੱਜ ਕਾਂਗਰਸ ਪਾਰਟੀ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ | ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਨਰੇਸ਼ ਭਾਰਦਵਾਜ ਤੇ ਦਿਹਾਤੀ ਪ੍ਰਧਾਨ ਮਨਵਿੰਦਰ ਸਿੰਘ ਵਾਲੀਆ (ਵਿੱਕੀ) ਰਾਣੀਪੁਰ ਦੀ ਸਾਂਝੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਭਾਜਪਾ ਦਾ ਪੁਤਲਾ ਫੂਕ ਕੇ ਆਪਣਾ ਰੋਸ ਜ਼ਾਹਰ ਕੀਤਾ ਤੇ ਚੰਡੀਗੜ੍ਹ ਭਾਜਪਾ ਪ੍ਰਧਾਨ ਨੂੰ ਤੁਰੰਤ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ | ਪ੍ਰਦਰਸ਼ਨ ਦੌਰਾਨ ਕਾਂਗਰਸੀ ਆਗੂਆਂ ਨੇ ਕਿਹਾ ਕਿ ਜਤਿੰਦਰਪਾਲ ਮਲਹੋਤਰਾ ਦਾ ਬਿਆਨ ਨਾ ਸਿਰਫ਼ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ, ਸਗੋਂ ਇਹ ਪੰਜਾਬ ਤੇ ਪੰਜਾਬੀਅਤ ਦਾ ਵੀ ਅਪਮਾਨ ਹੈ | ਉਨ੍ਹਾਂ ਕਿਹਾ ਕਿ ਦੇਸ਼ ਅਤੇ ਦੁਨੀਆ ਭਰ ‘ਚ ਆਪਣੀ ਮਿਹਨਤ, ਬਹਾਦਰੀ, ਦੇਸ਼ ਭਗਤੀ ਤੇ ਮਨੁੱਖਤਾ ਦੀ ਸੇਵਾ ਲਈ ਜਾਣੇ ਜਾਂਦੇ ਪੰਜਾਬੀਆਂ ਖ਼ਿਲਾਫ਼ ਅਜਿਹੀ ਟਿੱਪਣੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ | ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਨਰੇਸ਼ ਭਾਰਦਵਾਜ ਨੇ ਕਿਹਾ ਕਿ ਭਾਜਪਾ ਆਗੂ ਦਾ ਇਹ ਬਿਆਨ ਪੰਜਾਬੀਆਂ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ ਤੇ ਗਲਤ ਸੋਚ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਲੀਡਰਸ਼ਿਪ ਨੂੰ ਇਸ ਮਾਮਲੇ ਦਾ ਤੁਰੰਤ ਨੋਟਿਸ ਲੈ ਕੇ ਸਬੰਧਿਤ ਆਗੂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਦੇਸ਼ ਦੀ ਏਕਤਾ, ਅਖੰਡਤਾ ਤੇ ਵਿਕਾਸ ‘ਚ ਅਹਿਮ ਭੂਮਿਕਾ ਨਿਭਾਈ ਹੈ, ਅਜਿਹੇ ‘ਚ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਅਹੁਦੇਦਾਰ ਵਲੋਂ ਪੂਰੇ ਭਾਈਚਾਰੇ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨਾ ਬਹੁਤ ਹੀ ਮੰਦਭਾਗਾ ਹੈ | ਦਿਹਾਤੀ ਕਾਂਗਰਸ ਪ੍ਰਧਾਨ ਮਨਵਿੰਦਰ ਸਿੰਘ ਵਾਲੀਆ (ਵਿੱਕੀ) ਰਾਣੀਪੁਰ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਟਿੱਪਣੀ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦੀ ਹੈ ਤੇ ਜਤਿੰਦਰ ਪਾਲ ਮਲਹੋਤਰਾ ਤੋਂ ਜਨਤਕ ਤੌਰ ‘ਤੇ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੀ ਮੰਗ ਕਰਦੀ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਭਾਜਪਾ ਲੀਡਰਸ਼ਿਪ ਨੇ ਜਲਦ ਕਾਰਵਾਈ ਨਾ ਕੀਤੀ ਤਾਂ ਕਾਂਗਰਸ ਪਾਰਟੀ ਇਸ ਮਾਮਲੇ ਨੂੰ ਲੈ ਕੇ ਸੂਬਾ ਪੱਧਰ ‘ਤੇ ਸੰਘਰਸ਼ ਤੇਜ਼ ਕਰੇਗੀ | ਇਸ ਮੌਕੇ ਕਾਂਗਰਸ ਦੇ ਵੱਖ-ਵੱਖ ਸੈੱਲਾਂ ਦੇ ਵਰਕਰਾਂ ਨੇ ਭਾਜਪਾ ਤੇ ਉਸ ਦੇ ਆਗੂਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਦੇ ਸਨਮਾਨ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ |

ਪਿਛਲੀ ਖ਼ਬਰ ਧੁੱਸੀ ਬੰਨ੍ਹ ’ਤੇ ਸੜਕ ਬਣਾਉਣ ਦੀ 75 ਸਾਲ ਦੀ ਉਡੀਕ ਮੁੱਕੀ-ਸੰਤ ਸੀਚੇਵਾਲ ਅਗਲੀ ਖ਼ਬਰ ਮਗਨਰੇਗਾ ਮੁਲਾਜ਼ਮਾਂ ਨੇ ਏ.ਡੀ.ਸੀ. ਦੇ ਦਫ਼ਤਰ ਮੂਹਰੇ ਧਰਨਾ ਦੇ ਕੇ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।