04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸੰਤ ਅਵਤਾਰ ਸਿੰਘ ਯਾਦਗਾਰੀ ਕੁਸ਼ਤੀ ਛਿੰਝ ਮੇਲਾ ਸੀਚੇਵਾਲ ਵਿਖੇ ਸ਼ਾਨੋ-ਸ਼ੌਕਤ ਨਾਲ ਸੰਪੰਨ

ਅਜੀਤ ਡੈਸਕ 03-06-2026
ਸੁਲਤਾਨਪੁਰ ਲੋਧੀ, 2 ਜੂਨ (ਨਰੇਸ਼ ਹੈਪੀ)-ਸੰਤ ਅਵਤਾਰ ਸਿੰਘ ਦੀ 38ਵੀਂ ਬਰਸੀ ਨੂੰ ਸਮਰਪਿਤ ਸੰਤ ਅਵਤਾਰ ਸਿੰਘ ਯਾਦਗਾਰੀ ਸਟੇਡੀਅਮ, ਸੀਚੇਵਾਲ ਵਿਖੇ ਕਰਵਾਇਆ ਗਿਆ ਕੁਸ਼ਤੀ ਛਿੰਝ ਮੇਲਾ ਬੜੀ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ | ਇਸ ਛਿੰਝ ਮੇਲੇ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਕਰੀਬ 70 ਦੇ ਕਰੀਬ ਪਹਿਲਵਾਨਾਂ ਨੇ ਭਾਗ ਲੈ ਕੇ ਆਪਣੇ ਦਾਅ-ਪੇਚਾਂ ਅਤੇ ਤਾਕਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਮੇਲੇ ਦਾ ਸਭ ਤੋਂ ਵੱਡੀ ਖਿੱਚ 'ਸਿਤਾਰੇ-ਏ-ਪੰਜਾਬ' 75 ਕਿੱਲੋ ਭਾਰ ਵਰਗ ਦਾ ਫਾਈਨਲ ਮੁਕਾਬਲਾ ਰਿਹਾ | ਇਸ ਮੁਕਾਬਲੇ ਵਿਚ ਮਾਨਸਾ ਦੇ ਨੌਜਵਾਨ ਪਹਿਲਵਾਨ ਰੀਸ਼ਵ ਜਾਖੜ ਨੇ ਸ਼ੁਰੂ ਤੋਂ ਹੀ ਹਮਲਾਵਰ ਅੰਦਾਜ਼ ਅਪਣਾਇਆ | ਦੋਵਾਂ ਪਹਿਲਵਾਨਾਂ ਵਿਚਕਾਰ ਕਈ ਮਿੰਟ ਤੱਕ ਜ਼ਬਰਦਸਤ ਟੱਕਰ ਚੱਲਦੀ ਰਹੀ | ਆਖ਼ਰਕਾਰ ਰੀਸ਼ਵ ਨੇ ਸ਼ਾਨਦਾਰ ਦਾਅ ਲਗਾ ਕੇ ਵਿਰੋਧੀ ਨੂੰ ਚਿੱਤ ਕਰ ਦਿੱਤਾ | ਜੇਤੂ ਪਹਿਲਵਾਨ ਨੂੰ 21 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਅਤੇ ਗੁਰਜ ਭੇਟ ਕੀਤਾ ਗਿਆ | ਜੂਨੀਅਰ ਵਰਗ ਦੇ ਮੁਕਾਬਲੇ ਵੀ ਕਿਸੇ ਪੱਖੋਂ ਘੱਟ ਨਹੀਂ ਰਹੇ | ਅੰਡਰ-12 ਸਾਲ 30 ਕਿੱਲੋ ਭਾਰ ਵਰਗ ਵਿਚ ਸੀਚੇਵਾਲ ਦੇ ਅਨਮੋਲ ਸਿੰਘ ਤੇ ਯੁਵਰਾਜ ਸਿੰਘ ਵਿਚਕਾਰ ਹੋਏ ਮੁਕਾਬਲੇ ਨੇ ਦਰਸ਼ਕਾਂ ਦਾ ਪੂਰਾ ਧਿਆਨ ਖਿੱਚਿਆ | ਦੋਵਾਂ ਨੌਜਵਾਨ ਪਹਿਲਵਾਨਾਂ ਨੇ ਸ਼ਾਨਦਾਰ ਜ਼ੋਰ ਅਜ਼ਮਾਈ ਕੀਤੀ ਪਰ ਅਖੀਰ ਵਿਚ ਅਨਮੋਲ ਸਿੰਘ ਨੇ ਬਾਜ਼ੀ ਆਪਣੇ ਨਾਮ ਕਰ ਲਈ | ਇਸੇ ਤਰ੍ਹਾਂ ਅੰਡਰ-15 ਸਾਲ 40 ਕਿੱਲੋ ਭਾਰ ਵਰਗ ਵਿਚ ਕਮਲਪ੍ਰੀਤ ਸਿੰਘ ਸੀਚੇਵਾਲ ਨੇ ਆਪਣੇ ਤਕਨੀਕੀ ਦਾਅ-ਪੇਚਾਂ ਅਤੇ ਫੁਰਤੀ ਨਾਲ ਵਿਰੋਧੀਆਂ ਨੂੰ ਕੋਈ ਮੌਕਾ ਨਾ ਦਿੰਦਿਆਂ ਪਹਿਲਾ ਸਥਾਨ ਹਾਸਲ ਕੀਤਾ | ਜਦਕਿ ਅੰਡਰ-17 ਸਾਲ 50 ਕਿੱਲੋ ਭਾਰ ਵਰਗ ਵਿਚ ਮਨਪ੍ਰੀਤ ਸਿੰਘ (ਪੀ.ਏ.ਪੀ.) ਅਤੇ ਤਰਨਵੀਰ ਸਿੰਘ ਸੀਚੇਵਾਲ ਦਰਮਿਆਨ ਹੋਇਆ ਮੁਕਾਬਲਾ ਕਾਫ਼ੀ ਰੋਮਾਂਚਕ ਰਿਹਾ | ਦੋਵਾਂ ਪਹਿਲਵਾਨ ਆਖ਼ਰੀ ਪਲ ਤੱਕ ਜਿੱਤ ਲਈ ਸੰਘਰਸ਼ ਕਰਦੇ ਰਹੇ ਪਰ ਮਨਪ੍ਰੀਤ ਨੇ ਦਾਅ ਲਗਾ ਕੇ ਜਿੱਤ ਆਪਣੇ ਨਾਮ ਕਰ ਲਈ | ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਰਵਾਇਤੀ ਖੇਡਾਂ ਅਤੇ ਕੁਸ਼ਤੀ ਦੀ ਵਿਰਾਸਤ ਨੂੰ ਸੰਭਾਲਣ ਲਈ ਅਜਿਹੇ ਖੇਡ ਮੇਲੇ ਬਹੁਤ ਮਹੱਤਵਪੂਰਨ ਹਨ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ | ਮੇਲੇ ਦੇ ਅੰਤ ਵਿਚ ਜੇਤੂ ਪਹਿਲਵਾਨਾਂ ਨੂੰ ਨਕਦ ਇਨਾਮਾਂ ਅਤੇ ਸਨਮਾਨ ਚਿੰਨ੍ਹਾਂ ਨਾਲ ਨਿਵਾਜਿਆ ਗਿਆ | ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਪ੍ਰਸਿੱਧ ਪਹਿਲਵਾਨ ਕਰਤਾਰ ਸਿੰਘ, ਦੂਰਦਰਸ਼ਨ ਕੇਂਦਰ ਜਲੰਧਰ ਦੇ ਚਰਚਿਤ ਚਿਹਰੇ ਰਮਨ ਕੁਮਾਰ, ਕਪੂਰਥਲਾ ਤੋਂ ਐੱਸ ਐੱਸ ਪੀ ਗੌਰਵ ਤੂਰਾ, ਸੰਤ ਸੁਖਜੀਤ ਸਿੰਘ, ਸੁਰਜੀਤ ਸਿੰਘ ਸ਼ੰਟੀ, ਕੋਚ ਗੁਰਬੀਰ ਸਿੰਘ ਢਿੱਲੋਂ, ਪ੍ਰੋ. ਗੁਰਵਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ ਦੇ ਪਿ੍ੰਸੀਪਲ ਕੁਲਵਿੰਦਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਵਿਚ ਕਾਨੂੰਨ ਵਿਵਸਥਾ ਹੋਈ ਖ਼ਤਮ-ਸੰਗਤਪੁਰ ਅਗਲੀ ਖ਼ਬਰ ਅਮਰਜੀਤ ਸਿੰਘ ਰੁੜਕੀ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।